ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਇਕ ਹੋਰ ਮਾਮਲੇ 'ਚ ਲੁਧਿਆਣਾ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕੋਵਿਡ ਦੌਰਾਨ ਦਰਜ ਕੇਸ 'ਚ ਬੈਂਸ ਨੂੰ ਜ਼ਮਾਨਤ ਦਿੱਤੀ ਹੈ। ਸਿਮਰਜੀਤ ਬੈਂਸ ਨੂੰ ਇੱਕ ਹੋਰ ਮਾਮਲੇ ਦੇ ਵਿਚ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪ੍ਰਡਕਸ਼ਨ ਵਰੰਟ 'ਤੇ ਲਿਆ ਕੇ ਪੇਸ਼ ਕੀਤਾ ਗਿਆ ਸੀ। 

 

ਦਰਅਸਲ 'ਚ ਬੈਂਸ ਖਿਲਾਫ ਕੋਰੋਨਾ ਦੌਰਾਨ ਧਾਰਾ 188 ਅਤੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬੈਂਸ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਕੋਈ ਬਿਮਾਰੀ ਨਹੀਂ ਹੈ। ਅਜਿਹੇ 'ਚ ਹੁਣ ਅਦਾਲਤ ਨੇ ਬੈਂਸ ਨੂੰ ਰਾਹਤ ਦਿੰਦਿਆਂ ਕੇਸ ਖਾਰਜ ਕਰ ਦਿੱਤਾ ਹੈ। ਬੈਂਸ ਦੇ ਵਕੀਲ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 188 ਅਤੇ ਮਹਾਮਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ,ਜਿਸ ਵਿੱਚ ਬੈਂਸ ਨੂੰ ਰਾਹਤ ਮਿਲ ਗਈ ਹੈ। 

 


 

ਓਥੇ ਹੀ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਪੁਰਾਣਾ ਮਾਮਲਾ ਹੈ ,ਜਦੋਂ ਕਰੋਨਾ ਵਾਇਰਸ ਆਇਆ ਸੀ। ਉਨ੍ਹਾਂ ਕਿਹਾ ਇਸ ਦੌਰਾਨ ਬੈਂਸ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ ਸੀ ਪਰ ਇਸ ਪਰਚੇ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਬੈਂਸ ਨੂੰ ਰਾਹਤ ਮਿਲੀ ਹੈ।

 

ਹਾਲਾਂਕਿ ਰੇਪ ਮਾਮਲੇ ਨੂੰ ਲੈ ਕੇ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਿਮਰਜੀਤ ਬੈਂਸ ਨੇ ਹੁਣ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਹੈ। ਜਸਟਿਸ ਰਾਜਮੋਹਨ ਸਿੰਘ ਨੇ ਇਸ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਇਸ ਨੂੰ ਹੋਰ ਬੈਂਚਾਂ ਦੇ ਹਵਾਲੇ ਲਈ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ। ਚੀਫ਼ ਜਸਟਿਸ ਦੇ ਹੁਕਮਾਂ 'ਤੇ ਹੁਣ ਹਾਈਕੋਰਟ ਦਾ ਇੱਕ ਹੋਰ ਬੈਂਚ ਜਲਦ ਹੀ ਸਿਮਰਜੀਤ ਬੈਂਸ ਦੀ ਜ਼ਮਾਨਤ 'ਤੇ ਸੁਣਵਾਈ ਕਰੇਗਾ।