ਅੰਮ੍ਰਿਤਸਰ: ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਦਸਵੀਂ ਦੇ ਖ਼ਰਾਬ ਨਤੀਜਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਖ਼ਰਾਬ ਨਤੀਜਿਆਂ ਪਿੱਛੇ ਜ਼ਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਮੰਨਿਆ ਕਿ ਸਰਕਾਰ ਦੀਆਂ ਕਮਜ਼ੋਰੀਆਂ ਵੀ ਖ਼ਰਾਬ ਨਤੀਜਿਆਂ ਲਈ ਜ਼ਿੰਮੇਵਾਰ ਹਨ,ਜਿਨ੍ਹਾਂ ਨੂੰ ਜਲਦੀ ਠੀਕ ਕੀਤਾ ਜਾਵੇਗਾ। ਉਹ ਇੱਥੇ ਇੱਕ ਸਕੂਲ ਦੇ ਸਮਾਗਮ ਵਿੱਚ ਪੁੱਜੇ ਸਨ।

 

ਨਤੀਜਿਆਂ ਦੇ ਮੁਲਾਂਕਣ ਲਈ ਬਣੇਗੀ ਵਿਸ਼ੇਸ਼ ਕਮੇਟੀ

ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਦਸਵੀਂ ਜਮਾਤ ਦੇ ਨਤੀਜੇ ਪਿਛਲੇ ਵਰ੍ਹੇ ਨਾਲੋਂ ਬਿਹਤਰ ਆਏ ਹਨ ਪਰ ਅਜੇ ਹੋਰ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਚੰਗੇ ਪੱਧਰ ਦੀ ਸਿੱਖਿਆ ਦੇਣਾ ਚਾਹੁੰਦੀ ਹੈ। ਇਸ ਵਾਰ ਨਕਲ ਨੂੰ ਰੋਕਣ ਦੇ ਯਤਨ ਕੀਤੇ ਗਏ ਇਸ ਲਈ ਨਜੀਤੇ ਥੋੜੇ ਖ਼ਰਾਬ ਆਏ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਦੇ ਮੁਲਾਂਕਣ ਲਈ ਜਲ਼ਦੀ ਹੀ ਮਾਹਿਰਾਂ ਤੇ ਅਧਿਆਪਕਾਂ ਦੀ ਕਮੇਟੀ ਵੀ ਬਣਾਈ ਜਾਵੇਗੀ।

ਪਿਛਲੀ ਸਰਕਾਰ ’ਤੇ ਲਾਏ ਇਲਜ਼ਾਮ

ਸਿੱਖਿਆ ਮੰਤਰੀ ਨੰ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸਿੱਖਿਆ ਦਾ ਪੱਧਰ ਬਹੁਤ ਡਿੱਗਿਆ ਹੈ ਕਿਉਂਕਿ ਪਿਛਲੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸਕੂਲਾਂ ਵਿੱਚ ਅਧਿਆਪਕਾਂ ਘੱਟ ਹੋਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਕਮੀਆਂ ਹਨ। ਪੰਜਾਬ ਵਿੱਚ ਪੰਜਾਬੀ ਦੇ ਇਮਤਿਹਾਨ ਵਿੱਚੋਂ 29 ਹਜ਼ਾਰ ਬੱਚਿਆਂ ਦੇ ਫੇਲ੍ਹ ਹੋਣ ਦੇ ਮੁੱਦੇ ’ਤੇ ਮੁੱਖ ਮੰਤਰੀ ਦੀ ਮੀਟਿੰਗ ਵੀ ਹੋ ਚੁੱਕੀ ਹੈ। ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੀ ਨੀਂਹ ਹੀ ਕਮਜ਼ੋਰ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਮਜ਼ਬੂਤ ਕੀਤਾ ਜਾਵੇਗਾ।

 ਬੱਚਿਆਂ ਨੂੰ ਸਮੇਂ ਸਿਰ ਮੁਹੱਈਆ ਹੋਣਗੀਆਂ ਕਿਤਾਬਾਂ

ਬੱਚਿਆਂ ਦੀਆਂ ਕਿਤਾਬਾਂ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਵਾਰ ਕਿਤਾਬਾਂ ਸਮੇਂ ਸਿਰ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਸਖ਼ਤ ਮੁਕਾਬਲੇ ਦੇ ਮੱਦੇਨਜ਼ਰ ਚੀਨੀ ਭਾਸ਼ਾ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਅਧਿਆਪਕਾਂ ਦੀ ਚੋਣਾਂ ਵਿੱਚ ਡਿਊਟੀ ਲਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਸਬੰਧੀ ਗ਼ੌਰ ਕਰੇਗੀ ਕਿ ਪੜ੍ਹਾਈ ਤੋਂ ਇਲਾਵਾ ਅਧਿਆਪਕਾਂ ਤੋਂ ਹੋਰ ਕੰਮ ਨਾ ਲਏ ਜਾਣ।