ਚੰਡੀਗੜ੍ਹ: ਪੰਜਾਬ ਯੂਨੀਵਰਸੀਟੀ ‘ਚ ਅੱਜ ਪ੍ਰਧਾਨਗੀ ਦੀ ਚੋਣ ਹੋ ਰਹੀ ਹੈ। ਚੋਣਾਂ ਦਾ ਧਿਆਨ ਰੱਖਦੇ ਹੋਏ ਪ੍ਰਸ਼ਾਸ਼ਨ ਨੇ ਯੂਨੀਵਰਸੀਟੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਯੂਨੀਵਰਸਿਟੀ ਕੈਂਪਸ ਦੇ ਸਾਰੇ ਗੇਟਾਂ ‘ਤੇ ਮਹਿਲਾ ਅਤੇ ਮਰਦ ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਸਾਰੀਆਂ ਗੱਡੀਆਂ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਂਪਸ ‘ਚ ਐਂਟਰੀ ਦਿੱਤੀ ਜਾ ਰਹੀ ਹੈ।


ਉਧਰ ਸੈਕਟਰ 11 ਪੁਲਿਸ ਸਟੇਸ਼ਨ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਜ ਕੋਈ ਅਜਿਹੀ ਘਟਨਾ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਵੱਲੋਂ ਕੈਂਪਸ ‘ਚ ਕੁਝ ਚੀਜ਼ਾਂ ਦੀ ਐਂਟਰੀ ‘ਤੇ ਰੋਕ ਲਗਾਈ ਗਈ ਹੈ। ਸਾਰੇ ਵਿਦਿਆਰਥੀਆਂ ਦੇ ਆਈ-ਕਾਰਡ ਚੈੱਕ ਕੀਤੇ ਜਾ ਰਹੇ ਹਨ ਅਤੇ ਬਗੈਰ ਆਈਕਾਰਡ ਦੇ ਕਿਸੇ ਨੂੰ ਕੈਂਪਸ ‘ਚ ਦਾਖਲ ਨਹੀ ਹੋਣ ਦਿੱਤਾ ਜਾ ਰਿਹਾ। ਇਸ ਦੇ ਨਾਲ ਰਾਜੀਵ ਕੁਮਾਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਲੈਕਸ਼ਨ ਸ਼ਾਂਤਮਈ ਢੰਗ ਨਾਲ ਹੋਣ।



ਇਸ ਵਾਰ ਚੋਣਾਂ ‘ਚ 18 ਉਮੀਦਵਾਰ ਹਨ। ਇਸ ਦੇ ਲਈ ਕੁਲ 16138 ਵਿਦਿਆਰਥੀ ਵੋਟਰ ਹਨ ਜੋ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਦੇ ਲਈ ਕੁਲ 176 ਬੂਥ ਲਗਾਏ ਗਏ ਹਨ। ਇਸ ਵਾਰ ਪੀਯੂ ‘ਚ ਪ੍ਰਧਾਨ, ਉਪ-ਪ੍ਰਧਾਨ, ਸਕੱਤਰ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਦੇ ਲਈ ਉਮੀਦਵਾਰਾਂ ਨੂੰ ਚਾਰ-ਚਾਰ ਦੀ ਗਿਣਤੀ ‘ਚ ਵੰਡਿਆ ਗਿਆ ਹੈ। ਉਧਰ ਜੁਆਇੰਟ ਸੈਕਟਰੀ ਦੇ ਲਈ ਛੇ ਉਮੀਦਵਾਰ ਚੋਣ ਮੈਦਾਨ 'ਚ ਹਨ।

ਸਖ਼ਤ ਸੁਰੱਖਿਆ ਪ੍ਰਬੰਧਾਂ ਕਰਕੇ ਯੂਨੀਵਰਸੀਟੀ ਦੇ ਨੇੜੇ ਟ੍ਰੈਫਿਕ ਜਾਮ ਲੱਗਿਆ ਹੈ। ਯੂਨੀਵਰਸੀਟੀ ‘ਚ 150 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ।