ਅੰਮ੍ਰਿਤਸਰ: ਤਰਨ ਤਾਰਨ ਜ਼ਿਲ੍ਹੇ ਦੇ ਗੰਡੀਵਿੰਡ ਪਿੰਡ ਦੇ ਸੁਖਜਿੰਦਰ ਸਿੰਘ ਵੀ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ। ਉਹ ਸੱਤ ਮਹੀਨੇ ਦੇ ਆਪਣੇ ਪੁੱਤਰ ਦੀ ਲੋਹੜੀ ਮਨਾ ਕੇ ਮੁੜ ਡਿਊਟੀ 'ਤੇ ਜਾ ਰਿਹਾ ਸੀ। ਸੁਖਜਿੰਦਰ ਦੇ ਘਰ ਵਿਆਹ ਤੋਂ ਅੱਠ ਸਾਲ ਬਾਅਦ ਬੇਟਾ ਹੋਇਆ ਸੀ।


'ਏਬੀਪੀ ਸਾਂਝਾ' ਦੀ ਟੀਮ ਸੁਖਜਿੰਦਰ ਦੇ ਪਿੰਡ ਗੰਡੀਵਿੰਡ ਪੁੱਜੀ। ਘਰ ਦਾ ਮਾਹੌਲ ਬੇਹੱਦ ਗਮਗੀਨ ਸੀ। ਆਸ ਪਾਸ ਦੇ ਪਿੰਡਾਂ ਤੋਂ ਲੋਕ ਸਕੇ-ਸਬੰਧੀ ਤੇ ਰਿਸ਼ਤੇਦਾਰ ਸੁਖਜਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜ ਰਹੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਇਸ ਘਟਨਾ ਦੇ ਇੱਕ ਦਿਨ ਬੀਤਣ ਮਗਰੋਂ ਵੀ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਨਹੀਂ ਪੁੱਜਾ।

ਪਰਿਵਾਰ ਨੇ ਦੱਸਿਆ ਕਿ ਸੁਖਜਿੰਦਰ 40 ਦਿਨ ਦੀ ਛੁੱਟੀ 'ਤੇ ਆਇਆ ਸੀ। ਤਕਰੀਬਨ ਚਾਲੀ ਦਿਨਾਂ ਬਾਅਦ ਹੀ ਪਰਤ ਰਿਹਾ ਸੀ। 'ਏਬੀਪੀ ਸਾਂਝਾ' 'ਤੇ ਗੱਲਬਾਤ ਕਰਦਿਆਂ ਪਰਿਵਾਰ ਨੇ ਮੰਗ ਕੀਤੀ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਮੁਆਵਜ਼ੇ ਦੀ ਵੀ ਮੰਗ ਵੀ ਕੀਤੀ ਕਿਉਂਕਿ ਸੁਖਜਿੰਦਰ ਪਰਿਵਾਰ ਦਾ ਕਮਾਉਣ ਵਾਲਾ ਇਕੱਲਾ ਇਨਸਾਨ ਸੀ।

ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ 30 ਸਾਲ ਦੀ ਉਮਰ ਦਾ ਸੁਖਜਿੰਦਰ ਸਿੰਘ 2003 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਇਆ। 2010 ਵਿੱਚ ਉਸ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਕਰਤਾਰਪੁਰ ਵਿੱਚ ਭਰਤੀ ਹੋਣ ਮਗਰੋਂ ਉਸ ਨੇ ਵੱਖ-ਵੱਖ ਥਾਵਾਂ 'ਤੇ ਸੇਵਾ ਨਿਭਾਈ ਤੇ ਜ਼ਿਆਦਾ ਸਮਾਂ ਅਲੀਗੜ੍ਹ ਵਿੱਚ ਤਾਇਨਾਤ ਰਿਹਾ। ਪਿਛਲੇ ਅੱਠ-ਨੌਂ ਮਹੀਨਿਆਂ ਤੋਂ ਸ੍ਰੀਨਗਰ ਵਿੱਚ ਤਾਇਨਾਤ ਸੀ।

ਉਧਰ, ਗੰਡੀਵਿੰਡ ਪਿੰਡ ਦੇ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਅੱਜ ਦਿਨ ਚੜ੍ਹਦੇ ਹੀ ਪਿੰਡ ਵਾਸੀਆਂ ਨੇ ਪਿੰਡ ਦੀ ਮੁੱਖ ਸੜਕ 'ਤੇ ਪਾਕਿਸਤਾਨ ਤੇ ਅੱਤਵਾਦ ਦਾ ਪੁਤਲਾ ਫੂਕਿਆ ਤੇ ਸ਼ਹੀਦ ਸੁਖਜਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।