ਅਨੰਦਪੁਰ ਸਾਹਿਬ: ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਰੂਪਨਗਰ ਦੇ ਪਿੰਡ ਰੌਲੀ ਦੇ ਸੀਆਰਪੀਐਫ ਜਵਾਨ ਕੁਲਵਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਸਰਬਾਜ਼ ਸੀਆਰਪੀਐਫ ਦੀ ਵਰਦੀ ਪਾ ਕੇ ਕੁਲਵਿੰਦਰ ਸਿੰਘ ਦੇ ਘਰ ਆਇਆ ਤੇ ਉਸ ਦੇ ਪਿਤਾ ਨਾਲ ਠੱਗੀ ਮਾਰ ਕੇ ਚਲਾ ਗਿਆ। ਉਹ ਜਾਂਦੇ-ਜਾਂਦੇ ਸ਼ਹੀਦ ਦੇ ਬਿਰਧ ਪਿਤਾ ਦਾ ਮੋਟਰ ਸਾਈਕਲ ਵੀ ਲੈ ਕੇ ਫ਼ਰਾਰ ਹੋ ਗਿਆ।
ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਆਇਆ ਤੇ ਉਸ ਨੇ ਸੀਆਰਪੀਐਫ ਦੀ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਨੌਸਰਬਾਜ਼ ਨੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਗੈਸ ਏਜੰਸੀ ਤੇ ਸਟੇਟ ਬੈਂਕ ਆਫ ਇੰਡੀਆ ਵਿੱਚ ਖਾਤਾ ਖੁੱਲ੍ਹਵਾ ਕੇ 20 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਪਰ ਚੈੱਕ ਬੁੱਕ ਨਾ ਹੋਣ ਕਰਕੇ ਉਹ ਵੱਡੀ ਠੱਗੀ ਤੋਂ ਬਚ ਗਏ।
ਦਰਸ਼ਨ ਸਿੰਘ ਨੇ ਦੱਸਿਆ ਬੈਂਕ ਖੁੱਲ੍ਹਣ ਤਕ ਨੌਸਰਬਾਜ਼ ਉਨ੍ਹਾਂ ਦੇ ਘਰ ਵਿੱਚ ਰਿਹਾ। ਚੈੱਕ ਬੁੱਕ ਨਾ ਹੋਣ ਕਾਰਨ ਉਸ ਨੇ ਦੋਵਾਂ ਦੇ ਖਾਤੇ ਵਿੱਚੋਂ 1.50 ਲੱਖ ਰੁਪਏ ਕਢਵਾ ਲਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਕਿਸੇ ਕੰਮ ਲਈ ਮਿੰਨੀ ਸਕੱਤਰੇਤ ਛੱਡ ਕੇ ਉਨ੍ਹਾਂ ਦੀ ਪਤਨੀ ਨੂੰ ਬੈਂਕ ਤੋਂ ਲੈਣ ਚਲਾ ਗਿਆ, ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਦੱਸਿਆ ਕਿ ਬੈਂਕ ਦੀ ਪਾਸਬੁੱਕ ਤੇ ਡੇਢ ਲੱਖ ਰੁਪਏ ਨੌਸਰਬਾਜ਼ ਕੋਲ ਹੀ ਸਨ।