ਬਠਿੰਡਾ: ਆਪਣੀ ਨੂੰਹ ਨੂੰ ਜਿਤਾਉਣ ਲਈ ਵੱਡੇ ਬਾਦਲ ਨੇ ਅਫ਼ਸੋਸ ਪ੍ਰਗਟਾਓ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਲਈ ਉਨ੍ਹਾਂ ਦੇ ਸਹੁਰਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸੇ ਮੁਹਿੰਮ ਤਹਿਤ ਘਰ-ਘਰ ਪਹੁੰਚ ਕਰ ਰਹੇ ਹਨ। ਤਿੱਖੀ ਧੁੱਪ ਹੇਠ 92 ਸਾਲਾ ਬਾਦਲ ਬਠਿੰਡਾ ਹਲਕੇ ਦੇ 40 ਪਿੰਡਾਂ ਦੇ 400 ਤੋਂ ਵੱਧ ਉਨ੍ਹਾਂ ਘਰਾਂ ਵਿੱਚ ਜਾ ਚੁੱਕੇ ਹਨ, ਜਿੱਥੇ ਹਾਲ ਹੀ ਵਿੱਚ ਕਿਸੇ ਦੀ ਮੌਤ ਹੋਈ ਹੈ।

ਹਰਸਿਮਰਤ ਬਾਦਲ ਦੇ ਕਵਰਿੰਗ ਕੈਂਡੀਡੇਟ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਮਾਰਚ ਮਹੀਨੇ ਤੋਂ ਹੀ ਲੋਕ ਸੰਪਰਕ ਵਧਾ ਦਿੱਤਾ ਸੀ ਤੇ ਦੁੱਖ ਦੀ ਘੜੀ ਵਿੱਚ ਉਹ ਲੋਕਾਂ ਨਾਲ ਅਫ਼ਸੋਸ ਦਾ ਪ੍ਰਗਟਾਵਾ ਕਰਕੇ ਹਮਦਰਦੀ ਦੇ ਨਾਲ-ਨਾਲ ਵੋਟ ਵੀ ਪੱਕੀ ਕਰ ਜਾਂਦੇ ਹਨ। ਅਜਿਹਾ ਇਸ ਲਈ ਕਿਉਂਕਿ ਬਾਦਲ ਪਿਛਲੇ ਇੱਕ ਸਾਲ ਦੌਰਾਨ ਹੋਈਆਂ ਮੌਤਾਂ ਦਾ ਅਫ਼ਸੋਸ ਵੀ ਇਸ ਚੋਣ ਮਾਹੌਲ ਦੌਰਾਨ ਪ੍ਰਗਟਾਅ ਰਹੇ ਹਨ। ਹਾਲਾਂਕਿ, ਅਫ਼ਸੋਸ ਪ੍ਰਗਟ ਕਰਨ ਸਮੇਂ ਕੋਈ ਵੀ ਸਿਆਸੀ ਗੱਲ ਨਹੀਂ ਹੁੰਦੀ ਪਰ ਹਮਦਰਦੀ ਵੱਡਾ ਅਸਰ ਪਾਉਂਦੀ ਹੈ।

ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਤੋਂ ਲੈ ਕੇ ਪੂਰੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਵਿਚਰ ਰਹੇ ਹਨ। ਅਕਾਲੀ ਦਲ ਦੇ ਨੇਤਾ ਬਾਦਲ ਨੂੰ ਉਨ੍ਹਾਂ ਦੇ ਆਉਣ ਤੋਂ ਕਈ ਦਿਨ ਪਹਿਲਾਂ ਹੀ ਮੌਤਾਂ ਦੀ ਸੂਚੀ ਸੌਂਪ ਦਿੰਦੇ ਹਨ। ਇਸ ਮਗਰੋਂ ਬਾਦਲ ਦੀ ਸਮਾਂ ਸਾਰਣੀ ਤਿਆਰ ਹੁੰਦੀ ਹੈ ਤਾਂ ਜੋ ਬਾਦਲ ਦੇ ਸੁਰੱਖਿਆ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾ ਸਕਣ।

ਬਾਦਲ ਨਾਲ ਉਨ੍ਹਾਂ ਦੇ ਕਾਫਲੇ ਵਿੱਚ 14-15 ਗੱਡੀਆਂ ਹੁੰਦੀਆਂ ਹਨ, ਜਿਸ ਵਿੱਚ ਸਮਰਥਕਾਂ ਤੋਂ ਇਲਾਵਾ ਥਾਣੇਦਾਰ ਤੋਂ ਲੈਕੇ ਸਿਪਾਹੀ ਤੇ ਕੇਂਦਰੀ ਸੁਰੱਖਿਆ ਕਵਚ ਸਮੇਤ ਤਕਰੀਬਨ 60 ਕਰਮਚਾਰੀ ਵੀ ਮੌਜੂਦ ਹੁੰਦੇ ਹਨ। ਬਾਦਲ ਹਰ ਘਰ 10-15 ਮਿੰਟ ਰੁਕਦੇ ਹਨ ਤੇ ਫਿਰ ਅਗਲੇ ਘਰ ਵੱਲ ਚਾਲੇ ਪਾਉਂਦੇ ਹਨ। ਬਾਦਲ ਦੇ ਇਸ ਲੋਕ ਸੰਪਰਕ ਸਦਕਾ ਹੀ ਅਕਾਲੀ ਦਲ ਚੋਣਾਂ ਵਿੱਚ ਇੱਥੋਂ ਵੱਡੀ ਲੀਡ ਲੈ ਜਾਂਦਾ ਹੈ।