ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਦਾ ਚੋਣ ਮੰਚ ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਕਿਰਦਾਰ ਵੀ ਤੈਅ ਕਰ ਦਿੱਤੇ ਹਨ ਤੇ ਹੁਣ 19 ਮਈ ਦੀ ਉਡੀਕ ਹੈ। ਨਾਮਜ਼ਦਗੀਆਂ ਦੀ ਸਾਰੀ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 200 ਦੇ ਕਰੀਬ ਉਮੀਦਵਾਰ ਚੋਣ ਮੈਦਾਨ 'ਚ ਹਨ। ਬੇਸ਼ੱਕ ਇਸ ਵਾਰ ਕਈ ਪਾਰਟੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ ਪਰ ਮੁੱਖ ਤਿੰਨ-ਚਾਰ ਸੀਟਾਂ ਨੂੰ ਛੱਡ ਮੁੱਖ ਮੁਕਾਬਲਾ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਵਿਚਾਲੇ ਹੀ ਹੈ।
ਇਸ ਵਾਰ ਕਾਂਗਰਸ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 10, ਭਾਰਤੀ ਜਨਤਾ ਪਾਰਟੀ ਨੇ ਤਿੰਨ ਤੇ ਪੰਜਾਬ ਜਮਹੂਰੀ ਗੱਠਜੋੜ ਨੇ ਵੀ 13 ਹਲਕਿਆਂ ਤੋਂ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਪੰਜਾਬ ਜਮਹੂਰੀ ਗੱਠਜੋੜ ਵਿੱਚ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਤੇ ਹੋਰ ਧੜੇ ਸ਼ਾਮਲ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ 13 ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਕੁਝ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ।
ਇਸ ਵਾਰ ਕਈ ਵੱਡੀਆਂ ਹਸਤੀਆਂ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਫਿਲਮੀ ਅਦਾਕਾਰ ਸਨੀ ਦਿਓਲ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ।
ਇਸ ਤੋਂ ਇਲਾਵਾ ਖਡੂਰ ਸਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਜਗੀਰ ਕੌਰ, ਫਤਹਿਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ, ਡਾ. ਅਮਰ ਸਿੰਘ ਤੇ ਹੁਸ਼ਿਆਪੁਰ ਤੋਂ ਸੋਮ ਪ੍ਰਕਾਸ਼ 'ਤੇ ਵੀ ਸਭ ਦੀਆਂ ਨਜ਼ਰਾਂ ਹਨ। ਪੰਜਾਬ ਦੇ ਜ਼ਿਆਦਾਤਰ ਹਲਕਿਆਂ ’ਤੇ ਭਾਵੇਂ ਕਾਂਗਰਸ ਦੇ ਉਮੀਦਵਾਰਾਂ ਦਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨਾਲ ਹੀ ਮੁਕਾਬਲਾ ਹੋਣਾ ਹੈ ਪਰ ਚਾਰ ਸੰਸਦੀ ਹਲਕਿਆਂ ਤੋਂ ਤਿਕੋਣੀ ਟੱਕਰ ਦੇ ਆਸਾਰ ਬਣਦੇ ਜਾ ਰਹੇ ਹਨ।
ਇਨ੍ਹਾਂ ਹਲਕਿਆਂ ਵਿੱਚ ਖਡੂਰ ਸਾਹਿਬ, ਸੰਗਰੂਰ, ਲੁਧਿਆਣਾ ਤੇ ਪਟਿਆਲਾ ਸ਼ਾਮਲ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ, ਖਡੂਰ ਸਾਹਿਬ ਤੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਆਪਣੀ ਜਾਨ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ, ਲੁਧਿਆਣ ਤੋਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਪਟਿਆਲਾ ਤੋਂ ਧਰਮਵੀਰ ਗਾਂਧੀ ਵੱਲੋਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਸੂਬੇ ਦੀਆਂ ਸਿਆਸੀ ਧਿਰਾਂ ਦਰਮਿਆਨ ਪਹਿਲਾ ਵੱਕਾਰੀ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੱਡੀ ਨਮੋਸ਼ੀ ਮਿਲੀ ਸੀ ਤੇ ਪਾਰਟੀ ਨੂੰ 15 ਸੀਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ। ਆਮ ਆਦਮੀ ਪਾਰਟੀ ਜੋ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਹੈ, ਇਸ ਸਮੇਂ ਪੂਰੀ ਤਰ੍ਹਾਂ ਖਿੰਡੀ ਪਈ ਹੈ ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਸੂਬੇ ਦੇ ਲੋਕ ਖੁਸ਼ ਦਿਖਾਈ ਨਹੀਂ ਦੇ ਰਹੇ। ਅਜਿਹੇ ਮਾਹੌਲ ਵਿੱਚ ਸਾਰੀਆਂ ਹੀ ਧਿਰਾਂ ਲਈ ਲੜਾਈ ਬੜੀ ਔਖੀ ਬਣੀ ਹੋਈ ਹੈ।
ਲੋਕ ਸਭਾ ਦਾ ਚੋਣ ਮੰਚ ਤਿਆਰ, ਕਿਰਦਾਰ ਤੈਅ, ਹੁਣ 19 ਮਈ ਦੀ ਉਡੀਕ
ਏਬੀਪੀ ਸਾਂਝਾ
Updated at:
03 May 2019 01:00 PM (IST)
ਪੰਜਾਬ ਵਿੱਚ ਲੋਕ ਸਭਾ ਦਾ ਚੋਣ ਮੰਚ ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਕਿਰਦਾਰ ਵੀ ਤੈਅ ਕਰ ਦਿੱਤੇ ਹਨ ਤੇ ਹੁਣ 19 ਮਈ ਦੀ ਉਡੀਕ ਹੈ। ਨਾਮਜ਼ਦਗੀਆਂ ਦੀ ਸਾਰੀ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 200 ਦੇ ਕਰੀਬ ਉਮੀਦਵਾਰ ਚੋਣ ਮੈਦਾਨ 'ਚ ਹਨ। ਬੇਸ਼ੱਕ ਇਸ ਵਾਰ ਕਈ ਪਾਰਟੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ ਪਰ ਮੁੱਖ ਤਿੰਨ-ਚਾਰ ਸੀਟਾਂ ਨੂੰ ਛੱਡ ਮੁੱਖ ਮੁਕਾਬਲਾ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਵਿਚਾਲੇ ਹੀ ਹੈ।
- - - - - - - - - Advertisement - - - - - - - - -