ਚੰਡੀਗੜ੍ਹ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਭਲਕੇ ਫਿਰ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਸੱਦੇ ਤਹਿਤ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਭਲਕੇ ਯਾਨੀ 12 ਤੋਂ ਇੱਕ ਵਜੇ ਤਕ ਬੱਸਾਂ ਚੱਕਾ ਜਾਮ ਕਰਨਗੇ।


ਰੋਡਵੇਜ਼ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਇਸ ਇੱਕ ਘੰਟੇ ਦੇ ਦੌਰਾਨ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ਵਿੱਚ ਕਿਸੇ ਬੱਸ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਹੜਤਾਲ ਵਿੱਚ 4500 ਮੁਲਾਜ਼ਮ ਦੇ ਸ਼ਾਮਲ ਹੋਣ ਦੀ ਆਸ ਹੈ। ਇਸ ਇੱਕ ਘੰਟੇ ਦੀ ਹੜਤਾਲ ਨਾਲ ਤਕਰੀਬਨ 1,500 ਬੱਸਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਦਰਅਸਲ, ਸਰਕਾਰ ਪੰਜਾਬ ਰੋਡਵੇਜ਼ ਵਿੱਚ ਠੇਕੇ 'ਤੇ ਹੋਰ ਮੁਲਾਜ਼ਮਾਂ ਦੀ ਭਰਤੀ ਕਰਨਾ ਚਾਹ ਰਹੀ ਹੈ। ਪਰ ਪਹਿਲਾਂ ਤੋਂ ਹੀ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਉਨ੍ਹਾਂ ਨੂੰ ਪੱਕਾ ਕਰੇ ਫਿਰ ਨਵਿਆਂ ਦੀ ਭਰਤੀ ਕਰੇ। ਇਸ ਲਈ ਉਹ ਸਰਕਾਰ ਦੀ ਭਰਤੀ ਦਾ ਵੀ ਕਈ ਵਾਰ ਵਿਰੋਧ ਕਰ ਚੁੱਕੇ ਹਨ ਅਤੇ ਹਾਲੇ ਤਕ ਇਹ ਭਰਤੀ ਸਿਰੇ ਨਹੀਂ ਚੜ੍ਹੀ ਹੈ।