ਤਰਨ ਤਾਰਨ: ਇੱਥੋਂ ਦੇ ਪਿੰਡ ਨੌਸ਼ਹਿਰਾ ਢਾਲਾ ਵਿੱਚ ਹੋਏ ਤੀਹਰੇ ਕਤਲ ਕਾਂਡ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਬੀਤੀ 29 ਜੁਲਾਈ ਨੂੰ ਰਾਤ ਸਮੇਂ ਮੁਢਲੀ ਪੜਤਾਲ ਦੌਰਾਨ ਤਿੰਨ ਜਣਿਆਂ ਦਾ ਕਤਲ ਅਣਖ ਖਾਤਰ ਹੀ ਕੀਤਾ ਗਿਆ।

ਮਾਮਲੇ ਦੀ ਜਾਣਕਾਰੀ ਦਿੰਦੇ ਐਸਪੀ (ਡੀ) ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਪਿੰਡ ਨੌਸ਼ਹਿਰਾ ਢਾਲਾ ਦੇ ਹਰਮਨ ਸਿੰਘ ਨੇ ਪਿੰਡ ਦੀ ਕੁੜੀ ਬੇਬੀ ਨਾਲ ਅਦਾਲਤ ਰਾਹੀਂ ਪ੍ਰੇਮ ਵਿਆਹ ਕਰਵਾ ਲਿਆ ਸੀ। ਇਸ 'ਤੇ ਬੇਬੀ ਦੇ ਪਿਤਾ ਬੀਰ ਸਿੰਘ ਕਾਫੀ ਨਾਰਾਜ਼ ਸੀ। ਐਸਪੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਆਪਣੇ ਜਵਾਈ ਜੋਬਨਜੀਤ ਸਿੰਘ ਤੇ ਹੋਰਨਾਂ ਨਾਲ ਰਲ ਕੇ 29 ਜੁਲਾਈ ਨੂੰ ਲੜਕੇ ਦੇ ਘਰ 'ਤੇ ਧਾਵਾ ਬੋਲ ਦਿੱਤਾ।

ਇਸ ਹਮਲੇ ਵਿੱਚ ਹਰਮਨ ਦੇ ਪਿਤਾ ਜੋਗਿੰਦਰ ਸਿੰਘ, ਉਸ ਦੇ ਭਰਾ ਪਵਨਦੀਪ ਸਿੰਘ ਤੇ ਭੈਣ ਪ੍ਰਭਜੀਤ ਕੌਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਬੀਰ ਸਿੰਘ ਤੇ ਜੋਬਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।