ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਨੂੰ ਸਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਜ਼ਾ ਸੁਣਾਉਣ ਦੇ ਫੈਸਲੇ ਤੇ ਟਿੱਪਣੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ 34 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਇਨਸਾਫ਼ ਮਿਲਿਆ ਹੈ ਤੇ ਜਿੱਥੋਂ ਤਕ ਗੱਲ ਸਿੱਧੂ ਦੀ ਹੈ ਤਾਂ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨ ਕੇ ਇਸ 'ਤੇ ਅਮਲ ਕਰਨਾ ਚਾਹੀਦਾ ਹੈ।



ਉਨ੍ਹਾਂ ਨੇ ਕਿਹਾ ਕਿ ਅਜਿਹੇ ਨਾਜ਼ੁਕ ਹਾਲਾਤ 'ਚ ਉਹ ਸਿੱਧੂ ਤੇ ਕੋਈ ਵਾਰ ਨਹੀਂ ਕਰਨਾ ਚਾਹੁੰਦੇ ਪਰ ਉਹ ਅਜਿਹੇ ਪ੍ਰਧਾਨ ਸਨ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਕਾਂਗਰਸ ਪਾਰਟੀ ਇਨ੍ਹੀਂ ਬੁਰੀ ਤਰ੍ਹਾਂ ਹਾਰੀ। ਉਹ ਸਿਰਫ ਆਪਣੀ ਸੀਟ 'ਤੇ ਹੀ ਪ੍ਰਚਾਰ ਕਰਨ ਲਈ ਘਿਰ ਗਏ ਤੇ ਬਾਕੀ ਸੀਟਾਂ ਲਈ ਪ੍ਰਚਾਰ ਹੀ ਕਰਨ ਨਹੀਂ ਜਾ ਸਕੇ ਜਦਕਿ ਚਰਨਜੀਤ ਚੰਨੀ ਨੇ ਪਾਰਟੀ ਲਈ ਵਧੀਆ ਕੰਮ ਕੀਤਾ। ਰਾਣਾ ਨੇ ਕਿਹਾ ਕਿ ਚੋਣਾਂ ਦੌਰਾਨ ਉਹ ਜਿਨ੍ਹਾਂ ਰਾਜੇ ਰਾਣੀਆਂ ਨੂੰ ਹਰਾਉਣ ਦੀ ਗੱਲ ਕਰਦੇ ਰਹੇ ਉਹ ਤਾਂ ਜਿੱਤ ਗਏ ਸਿੱਧੂ ਸਾਹਿਬ ਖੁਦ ਹਾਰ ਗਏ।

ਰਾਣਾ ਗੁਰਜੀਤ ਨੇ ਕਿਹਾ ਕਿ ਭਾਜਪਾ ਆਗੂ ਸਿਰਸਾ ਜੋਂ ਸਿੱਧੂ ਸਾਹਿਬ ਦੀ ਸਜ਼ਾ 'ਤੇ ਤੰਜ ਕਸ ਰਹੇ ਹਨ, ਇਹ ਉਨ੍ਹਾਂ ਦੀ ਇੱਕ ਸਿਆਸੀ ਚਾਲ ਵੀ ਹੋ ਸਕਦੀ ਹੈ ਕਿ ਪਹਿਲਾਂ ਨਵਜੋਤ ਸਿੱਧੂ ਨੂੰ ਭਾਜਪਾ ਨਾਲ ਮਿਲ ਕੇ ਸਜ਼ਾ ਕਰਵਾ ਦੋ ਤੇ ਫਿਰ ਰਾਸ਼ਟਰਪਤੀ ਰਾਹੀਂ ਸਜ਼ਾ ਮਾਫ਼ ਕਰਵਾ ਸਿੱਧੂ ਨੂੰ ਭਾਜਪਾ 'ਚ ਸ਼ਾਮਲ ਕਰਵਾ ਲਓ।

ਰਾਣਾ ਗੁਰਜੀਤ ਨੇ ਸੁਨੀਲ ਜਾਖੜ ਸਾਹਿਬ ਦੇ ਭਾਜਪਾ ਵਿੱਚ ਜਾਣ ਦੇ ਕਦਮ ਨੂੰ ਵੀ ਗਲਤ ਦੱਸਿਆ ਤੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਸੀ ਜੇਕਰ ਪਾਰਟੀ ਨਾ ਕੋਈ ਮਨਮੁਟਾਵ ਸੀ ਤਾਂ ਘਰ ਬੈਠ ਕੇ ਨਾਰਾਜ਼ਗੀ ਜ਼ਾਹਰ ਕਰ ਲੈਂਦੇ ਪਰ ਪਾਰਟੀ ਛੱਡਣ ਦਾ ਫੈਸਲਾ ਗਲਤ ਹੈ।