ਚੰਡੀਗੜ੍ਹ: ਪੰਜਾਬ ਦੇ ਨਰਮਾ ਕਿਸਾਨਾਂ ਨੂੰ ਪਹਿਲਾਂ ਚਿੱਟੀ ਮੱਖੀ ਨੇ ਮਾਰਿਆ ਤੇ ਹੁਣ ਨੀਲੀ ਮੱਖੀ ਕਿਸਾਨੀ  ਦਾ ਮਾਰ ਰਹੀ ਹੈ। ਇਹ ਨੀਲੀ ਮੱਖੀ  ਕੋਈ ਹੋਰ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਕੀਟਨਾਸ਼ਕ ਘਪਲੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜਾਂਚ  ਹਾਈਕੋਰਟ ਦੇ ਜੱਜ ਦੀ ਦੇਖ ਰੇਖ 'ਚ ਹੋਵੇ।   ਉਨ੍ਹਾਂ ਕਿਹਾ ਕਿ ਪਹਿਲਾਂ ਸਾਬਕਾ ਖੇਤੀਬਾੜੀ ਨਿਰਦੇਸ਼ਕ ਮੰਗਲ ਸਿੰਘ ਨੇ ਪੰਜਾਬ ਦੀ ਨਰਮਾ ਕਿਸਾਨੀ ਨੂੰ ਬਰਬਾਦ ਕੀਤਾ ਤੇ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫੇਰ ਪੈਸਟੀਸਾਈਡ ਡੀਲਰਾਂ ਤੋਂ ਰਿਸ਼ਵਤ ਲੈਂਦੇ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਕੇਂਦਰੀ ਟੀਮ ਨੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਸਕੱਤਰ ਸਰਬਜੀਤ ਸਿੰਘ ਕੰਧਾਰੀ ਤੇ ਦੋ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।     ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕਿਤੇ ਹੋਰ ਨਹੀਂ ਬਲਕਿ ਬਾਦਲਾਂ ਦੇ ਗੜ੍ਹ ਬਠਿੰਡੇ 'ਚ ਹੋਰ ਰਿਹਾ ਹੈ। ਜਾਖੜ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਅਜਿਹੇ ਅਧਿਕਾਰੀਆਂ 'ਤੇ ਇਸ ਲਈ ਸ਼ਿਕੰਜਾ ਨਹੀਂ ਕਸਦੇ ਕਿਉਂਕਿ ਉੱਪਰ ਤੱਕ ਮਿਲੀ ਭੁਗਤ ਹੈ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦਾ ਕਿਸਾਨ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮਾਮਲੇ 'ਚ ਕਿਸਾਨ ਪੱਖੀ ਲੜਾਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਹੇਗੀ।