ਲੁਧਿਆਣਾ: ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਹਾਉਸਫੈੱਡ ਕਲੋਨੀ ਵਿੱਚ ਸ਼ੁੱਕਰਵਾਰ ਸਵੇਰੇ 18 ਸਾਲਾ ਕੁੜੀ ਦਾ ਕਤਲ ਕਰ, ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ, ਮ੍ਰਿਤਕ ਸੋਨਮ ਹਾਉਸਫੈਡ ਕਲੋਨੀ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਸੀ। ਸ਼ੁਕਰਵਾਰ ਨੂੰ ਅਚਾਨਕ ਉਸ ਦੀ ਲਾਸ਼ ਬਰਾਮਦ ਹੋਈ।   ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਸ਼ਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ।   ਦੂਜੇ ਪਾਸੇ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਸੋਨਮ ਪਿਛਲੇ 2 ਸਾਲਾਂ ਤੋਂ ਕੰਪਲੈਕਸ ਵਿੱਚ ਤਾਂਗੜੀ ਨਾਂ ਦੇ ਨੌਜਵਾਨ ਦੇ ਘਰ ਕੰਮ ਕਰਦੀ ਸੀ। ਸਵੇਰੇ ਘਰ ਤੋਂ ਕੰਮ ਕਰਨ ਲਈ ਤਾਂਗੜੀ ਦੇ ਘਰ ਗਈ ਸੀ ਪਰ ਉਸ ਨੂੰ ਕਰੀਬ 12 ਵਜੇ ਜਾਣਕਾਰੀ ਮਿਲੀ ਕਿ ਸੋਨਮ ਦੀ ਲਾਸ਼ ਬਰਾਮਦ ਹੋਈ ਹੈ। ਜਦੋਂ ਉਹ ਉੱਥੇ ਪੁੱਜਿਆ ਤਾਂ ਲਾਸ਼ ਉੱਥੇ ਹੀ ਪਈ ਸੀ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।