ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਡੈਮੋਕ੍ਰੈਟਿਕ ਫਰੰਟ ਦੀ ਹਿੱਸੇਦਾਰ ਬਣ ਚੁੱਕੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਵਿੱਚ ਬਸਪਾ ਨਾਲ ਗਠਜੋੜ ਕਰਨ ਦਾ ਫੈਸਲਾ ਲਿਆ ਹੈ। ਇਸ ਬਾਰੇ ਹਾਈਕਮਾਂਡ ਨੂੰ ਵੀ ਸੂਚਿਤ ਕਰ ਦਿੱਤਾ ਹੈ। ਹੁਣ ਕੇਜਰੀਵਾਲ ਇਸ ਬਾਰੇ ਅੰਤਮ ਫੈਸਲਾ ਲੈਣਗੇ।
'ਆਪ' ਦੀ ਪੰਜਾਬ ਇਕਾਈ ਨੇ ਕੋਰ ਕਮੇਟੀ ਬੈਠਕ ਦੌਰਾਨ ਇਹ ਫੈਸਲਾ ਲਿਆ ਹੈ। ਕੋਰ ਕਮੇਟੀ ਦਾ ਫੈਸਲਾ ਅਰਵਿੰਦ ਕੇਜਰੀਵਾਲ ਤਕ ਪਹੁੰਚਾ ਦਿੱਤਾ ਗਿਆ ਹੈ। ਬਸਪਾ ਨਾਲ ਗਠਜੋੜ ਕਰਨ ਦਾ ਆਖਰੀ ਫੈਸਲਾ ਕੇਜਰੀਵਾਲ ਦਾ ਹੋਵੇਗਾ।
ਦੋਆਬੇ ਵਿੱਚ 'ਆਪ' ਦਾ ਆਧਾਰ ਕਮਜ਼ੋਰ ਹੈ ਤੇ ਦੋਆਬਾ ਵਿੱਚ ਦਲਿਤ ਵੋਟਰਾਂ ਦੀ ਬਹੁਤਾਤ ਨੂੰ ਦੇਖਦੇ ਹੋਏ ਪਾਰਟੀ ਨੇ ਆਪਣੀ ਡੁੱਬਦੀ ਬੇੜੀ ਬੰਨ੍ਹੇ ਲਾਉਣ ਲਈ ਬਸਪਾ ਦਾ ਸਹਾਰਾ ਲੈਣ ਦੀ ਸੋਚੀ ਹੈ। ਹਾਲਾਂਕਿ, ਇਸ ਬਾਰੇ ਬਸਪਾ ਦਾ ਕੀ ਸਟੈਂਡ ਹੈ, ਇਹ ਸਾਫ ਨਹੀਂ।
ਉੱਧਰ, 'ਆਪ' ਦੀਆਂ ਪੀਡੀਏ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਹਨ, ਜਿਸ ਦਾ ਵੱਡਾ ਕਾਰਨ ਸੁਖਪਾਲ ਖਹਿਰਾ ਦੀ ਸ਼ਮੂਲੀਅਤ ਮੰਨੀ ਜਾ ਰਹੀ ਹੈ। ਜੇਕਰ 'ਆਪ' ਤੇ ਬਸਪਾ ਦਾ ਗਠਜੋੜ ਕਾਇਮ ਹੁੰਦਾ ਹੈ ਤਾਂ ਇਸ ਦਾ ਅਲਾਇੰਸ ਨੂੰ ਨੁਕਸਾਨ ਹੋਵੇਗਾ ਹੀ, ਨਾਲ ਹੀ ਤੀਜੇ ਫਰੰਟ ਦੇ ਨਾਂ 'ਤੇ ਪੈਣ ਵਾਲੀ ਵੋਟ ਵੀ ਵੰਡੀ ਜਾਵੇਗੀ। ਬਿੱਲੀਆਂ ਦੀ ਅਜਿਹੀ ਲੜਾਈ ਵਿੱਚ ਕੇਲਾ ਬਾਂਦਰ ਵੱਲੋਂ ਲਿਜਾਣ ਦੇ ਹਾਲਾਤ ਵਧੇਰੇ ਬਣ ਜਾਣਗੇ।