Punjab Weather Update: ਪਹਾੜਾਂ 'ਤੇ ਹੋਈ ਬਰਫਬਾਰੀ ਤੋਂ ਬਾਅਦ ਚੰਡੀਗੜ੍ਹ ਅਤੇ ਪੰਜਾਬ ਦੇ ਤਾਪਮਾਨ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਵੱਧ ਤੋਂ ਵੱਧ ਦੇ ਨਾਲ-ਨਾਲ ਦਿਨ ਦੇ ਘੱਟੋ-ਘੱਟ ਤਾਪਮਾਨ ਵਿੱਚ ਹੁਣ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਪੈਦਾ ਹੋਏ ਸਾਈਕਲੋਨ ਦਾ ਅਸਰ ਪੰਜਾਬ 'ਤੇ ਵੀ ਪੈ ਰਿਹਾ ਹੈ। ਅੱਜ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਕੁਝ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਅਤੇ ਵਧਦੇ ਪ੍ਰਦੂਸ਼ਣ ਕਰਕੇ ਪੂਰਾ ਪੰਜਾਬ ਅਤੇ ਚੰਡੀਗੜ੍ਹ ਧੁੰਦ ਦੀ ਲਪੇਟ ਵਿੱਚ ਆ ਗਿਆ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਅੱਜ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਅੱਜ ਵੀ ਹਵਾਈ ਮਾਰਗ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 17 ਨਵੰਬਰ ਤੱਕ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਪਰ ਇਸ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਬਣ ਰਹੀ ਹੈ।
ਚੰਡੀਗੜ੍ਹ ਅਤੇ ਪੰਜਾਬ ਦੇ ਦੋ ਸ਼ਹਿਰ ਰੈੱਡ ਜ਼ੋਨ 'ਚ
ਚੰਡੀਗੜ੍ਹ ਦੀ ਹਵਾ ਲਗਾਤਾਰ ਰੈੱਡ ਜ਼ੋਨ ਵਿੱਚ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ 300 ਤੋਂ ਉੱਪਰ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਸੈਕਟਰ 22 ਅਤੇ 52 ਵਿੱਚ ਸਭ ਤੋਂ ਵੱਧ AQI 500 ਦਰਜ ਕੀਤਾ ਗਿਆ। ਪੰਜਾਬ ਦਾ ਵੀ ਇਹੀ ਹਾਲ ਹੈ। ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਰੈੱਡ ਜ਼ੋਨ ਵਿੱਚ ਹੈ। ਇੱਥੇ AQI 300 'ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੁਣ ਰੂਪਨਗਰ ਵਿੱਚ AQI ਵੀ 300 ਤੱਕ ਪਹੁੰਚ ਗਿਆ ਹੈ। ਅੱਜ ਗੁਰਪੁਰਬ ਕਰਕੇ ਪੰਜਾਬ ਭਰ ਵਿੱਚ ਰਾਤ ਨੂੰ ਇੱਕ ਵਾਰ ਫਿਰ ਪਟਾਕੇ ਚਲਾਏ ਜਾਣਗੇ। ਜਿਸ ਤੋਂ ਬਾਅਦ ਪੰਜਾਬ ਦੀ ਹਵਾ ਦੀ ਗੁਣਵੱਤਾ ਹੋਰ ਡਿੱਗਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਸਣੇ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ- ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 15 ਤੋਂ 25 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ- ਵੀਰਵਾਰ ਸ਼ਾਮ ਨੂੰ ਤਾਪਮਾਨ 22.4 ਡਿਗਰੀ ਦਰਜ ਕੀਤਾ ਗਿਆ। ਤਾਪਮਾਨ 15 ਤੋਂ 24 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ- ਸਵੇਰੇ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਅੱਜ ਤਾਪਮਾਨ 13 ਤੋਂ 24 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ- ਵੀਰਵਾਰ ਨੂੰ ਤਾਪਮਾਨ 22.6 ਡਿਗਰੀ ਦਰਜ ਕੀਤਾ ਗਿਆ। ਤਾਪਮਾਨ 17 ਤੋਂ 23 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ- ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਦਰਜ ਕੀਤਾ ਗਿਆ। ਤਾਪਮਾਨ 16 ਤੋਂ 22 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ- ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਦਰਜ ਕੀਤਾ ਗਿਆ। ਤਾਪਮਾਨ 16 ਤੋਂ 25 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।