ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਸ੍ਰੀ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਗਮਾਂ ਮੌਕੇ ਕਰਤਾਰਪੁਰ ਸਾਹਿਬ ਦਾ ਗਲਿਆਰਾ ਖੁੱਲ੍ਹਵਾਉਣ ਲਈ ਪਾਕਿਸਤਾਨ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ 'ਤੇ ਜ਼ੋਰ ਪਾਉਣ ਲਈ ਮਤਾ ਆਮ ਸਹਮਤੀ ਨਾਲ ਪਾਸ ਕਰ ਦਿੱਤਾ ਹੈ।   ਇਹ ਮਤਾ ਅੱਜ ਵਿਧਾਨ ਸਭਾ ਦੇ ਮਾਨਸੂਨ ਸਮਾਗਮ ਦੇ ਦੂਜੇ ਦਿਨ ਮੁੱਖ ਮੰਤਰੀ ਵਲੋਂ ਪੇਸ਼ ਕੀਤਾ ਗਿਆ। ਪਾਰਟੀ ਲੀਹਾਂ ਤੋਂ ਉਪਰ ਉਠ ਕੇ ਸਦਨ ਦੇ ਸਾਰੇ ਮੈਂਬਰਾਂ ਦਾ ਵਿਚਾਰ ਸੀ ਕਿ ਇਹ ਗਲਿਆਰਾ ਖੁੱਲ੍ਹਣ ਨਾਲ ਭਾਰਤ ਦੇ ਲੱਖਾਂ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਸਮਰੱਥ ਹੋ ਜਾਣਗੇ। ਕਰਤਾਰ ਸਾਹਿਬ ਵਿਖੇ ਪਹਿਲੇ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ। ਕਰਤਾਰਪੁਰ ਸਾਹਿਬ ਅੰਤਰਰਾਸ਼ਟਰੀ ਸਰਹੱਦ ਦੇ ਪਰਲੇ ਪਾਸ ਪਾਕਿਸਤਾਨ ਵਿੱਚ ਸਥਿਤ ਹੈ ਭਾਵੇਂ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਸਪਸ਼ਟ ਤੌਰ 'ਤੇ ਦਿਖਦਾ ਹੈ। ਇਹ ਮਤਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਪੱਤਰ ਰਾਹੀਂ ਉਠਾਇਆ ਹੈ। ਉਨ੍ਹਾਂ ਨੂੰ ਪਾਕਿਸਤਾਨ ਦੇ ਹਮ ਰੁਤਬਾ ਕੋਲ ਇਹ ਮੁੱਦਾ ਉਠਾਉਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਇਹ ਮੁੱਦਾ ਇਸਲਾਮਾਬਾਦ ਕੋਲ ਉਠਾਉਣ ਲਈ ਵਾਰ-ਵਾਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗਲਿਆਰਾ ਖੁਲ੍ਹਣ ਨਾਲ ਸਿੱਖ ਭਾਈਚਾਰੇ ਵੱਲੋਂ ਸੰਜੋਏ ਗਏ ਸੁਫਨੇ ਸਾਕਾਰ ਹੋਣਗੇ।