ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮੁੱਦਾ ਗਰਮਾਇਆ ਹੋਇਆ ਹੈ। ਅਕਾਲੀ ਦਲ ਵੱਲੋਂ ਸਪੈਸ਼ਲ ਰੇਟਾਂ 'ਤੇ ਰਿਪੋਰਟ ਵੇਚਣ ਦੇ ਮਾਮਲੇ 'ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਦੇ ਇਸ ਰਿਪੋਰਟ 'ਚ ਮੁਲਜ਼ਮਾਂ ਵਜੋਂ ਨਾਂ ਉਕਰੇ ਹੋਏ ਹਨ। ਇਸੇ ਗੱਲ ਤੋਂ ਅਕਾਲੀਆਂ ਵੱਲੋਂ ਇੰਨਾ ਡਰਾਮਾ ਕੀਤਾ ਜਾ ਰਿਹਾ ਹੈ।


ਇਸ ਮੌਕੇ ਖਹਿਰਾ ਨੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀ ਅਕਾਲੀ ਦਲ ਦੇ ਲੀਡਰਾਂ ਤੇ ਪੰਜਾਬ ਪੁਲਿਸ ਦੇ ਅਫ਼ਸਰਾਂ ਖਿਲਾਫ ਸਜ਼ਾ ਦੀ ਮੰਗ ਕੀਤੀ। ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿੱਚ ਇਸ ਰਿਪੋਰਟ 'ਤੇ ਅਕਾਲੀ ਦਲ ਦਾ ਡਟ ਕੇ ਵਿਰੋਧ ਕਰਾਂਗੇ।


ਉੱਧਰ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੇ ਵਿਧਾਨ ਸਭਾ 'ਚ ਪਾਣੀਆਂ ਦਾ ਮੁੱਦਾ ਲੈ ਕੇ ਆਉਣ ਦੀ ਗੱਲ ਕੀਤੀ। ਬੈਂਸ ਨੇ ਕਿਹਾ ਕਿ ਰਾਜਸਥਾਨ ਪੰਜਾਬ ਦੇ ਪਾਣੀ ਲੈਣ ਕਰਕੇ ਕਰਜ਼ਾਈ ਹੈ ਜਿਸ ਦੀ ਕੁੱਲ ਕੀਮਤ ਸੌਲਾਂ ਲੱਖ ਕਰੋੜ ਰੁਪਏ ਬਣਦੀ ਹੈ।


ਬੈਂਸ ਨੇ ਕਿਹਾ ਵਿਧਾਨ ਸਭਾ ਵਿੱਚ ਇਸ ਪੈਸੇ ਦੀ ਵਸੂਲੀ ਲਈ ਪੰਜਾਬ ਸਰਕਾਰ ਤੋਂ ਮੰਗ ਕਰਨਗੇ। ਸਿਮਰਜੀਤ ਬੈਂਸ ਦੇ ਨਾਲ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਵਿਧਾਇਕ ਵੀ ਪਾਣੀਆਂ ਦੀ ਮੰਗ 'ਤੇ ਬੈਂਸ ਭਰਾਵਾਂ ਨਾਲ ਡਟੇ ਹਨ।