ਨਿਊਯਾਰਕ: ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵਿਰੁੱਧ ਅਮਰੀਕੀ ਕਾਨੂੰਨ ਤਹਿਤ ਸਰਕਾਰ ਨੂੰ ਸ਼ਿਕਾਇਤ ਭੇਜੀ ਹੈ। ਐਸਐਫਜੇ ਦੇ ਕਰਤਾ-ਧਰਤਾ ਗੁਰਪਤਵੰਤ ਸਿੰਘ ਪੰਨੂ ਨੇ ਦੋਸ਼ ਲਾਇਆ ਕਿ ਜੀਕੇ ਨੇ ਆਪਣੇ ਭਾਸ਼ਣਾਂ ਤੇ ਵੱਖ-ਵੱਖ ਕਾਰਵਾਈਆਂ ਦੌਰਾਨ ਕਾਨੂੰਨ ਦੀ ਉਲੰਘਣਾ ਕੀਤੀ ਹੈ। ਐਸਐਫਜੇ ਨੇ ਅਮਰੀਕਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੀਕੇ ਦੀਆਂ ਗ਼ੈਰਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਾ ਕੇ ਉਸ ਨੂੰ ਯੂਐਸ ਵਿੱਚ ਮੁੜ ਦਾਖ਼ਲ ਨਾ ਹੋ ਦਿੱਤਾ ਜਾਵੇ।


ਐਸਐਫਜੇ ਨੇ ਅਮਰੀਕਾ ਦੇ ਸਹਾਇਕ ਅਟਾਰਨੀ ਜਨਰਲ ਨੂੰ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ (ਐਫਏਆਰਏ) ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਦਸਤਾਵੇਜ਼ਾਂ ਸਹਿਤ ਆਪਣੀ ਸ਼ਿਕਾਇਤ ਭੇਜੀ ਹੈ। ਐਸਐਫਜੇ ਨੇ ਸ਼ਿਕਾਇਤ ਅਮਰੀਕਾ ਦੇ ਨਿਆਂ ਵਿਭਾਗ ਨੂੰ ਵੀ ਭੇਜੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਜੀਕੇ ਵੱਲੋਂ ਕੀਤੇ ਜਾਣ ਵਾਲੀਆਂ ਜਨਤਕ ਬੈਠਕਾਂ ਤੇ ਭਾਸ਼ਣਾਂ 'ਤੇ ਰੋਕ ਲਾਈ ਜਾਵੇ।

ਪੰਨੂੰ ਨੇ ਦੱਸਿਆ ਕਿ ਖ਼ਾਲਿਸਤਾਨ ਪੱਖੀ ਹਿਮਾਇਤੀ ਸ਼ਾਂਤੀਪੂਰਵਕ ਤਰੀਕੇ ਨਾਲ ਯੂਬਾ ਸਿਟੀ ਦੇ ਗੁਰੂਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਨ੍ਹਾਂ ਨੂੰ ਭੜਕਾਇਆ। ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਜੀਕੇ ਨੂੰ ਅਮਰੀਕਾ ਦੇ ਯੂਬਾ ਸਿਟੀ ਸ਼ਹਿਰ ਵਿੱਚ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜੀਕੇ ਵਿਰੁੱਧ ਇਹ ਦੂਜਾ ਹਮਲਾ ਸੀ।