ਬਾਦਲ ਨੇ ਕਿਹਾ ਕਿ ਇਹ ਹਮਲਾ ਜੀਕੇ 'ਤੇ ਨਹੀਂ ਕੀਤਾ ਗਿਆ ਬਲਕਿ, ਸਿੱਖਾਂ ਦੀ ਦਸਤਾਰ 'ਤੇ ਕੀਤਾ ਗਿਆ ਹਮਲਾ ਹੈ। ਉਨ੍ਹਾਂ ਟਵੀਟ ਰਾਹੀਂ ਅਕਾਲੀ ਦਲ ਨੂੰ ਸਿੱਖਾਂ ਹੱਕਾਂ ਦੀ ਰਾਖੇ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਪਾਰਟੀ 'ਤੇ ਆਈਐਸਆਈ ਦੇ ਏਜੰਟਾਂ ਨੇ ਹਮਲਾ ਕੀਤਾ ਹੈ। ਹਰਸਿਮਰਤ ਬਾਦਲ ਨੇ ਇਸ ਮਾਮਲੇ ਨੂੰ ਅਮਰੀਕਾ ਸਰਕਾਰ ਅੱਗੇ ਚੁੱਕਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਵੀ ਕੀਤੀ ਹੈ।
ਉੱਧਰ ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਜੀਕੇ 'ਤੇ ਹੋਏ ਹਮਲੇ ਤੋਂ ਪੰਜਾਬ ਦੇ ਲੀਡਰਾਂ ਨੂੰ ਸਿੱਖਿਆ ਲੈਣ ਦੀ ਸਲਾਹ ਦਿੱਤੀ ਹੈ। ਖਹਿਰਾ ਨੇ ਵੀ ਟਵੀਟ ਕਰ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਮਨਜੀਤ ਸਿੰਘ ਜੀਕੇ ਦਾ ਵਿਰੋਧ ਕੀਤਾ ਹੈ, ਉਸ ਹਿੰਸਕ ਤਰੀਕੇ ਦਾ ਉਹ ਸਮਰਥਨ ਨਹੀਂ ਕਰਦੇ, ਪਰ ਪੰਜਾਬ ਦੇ ਮੌਕਾਪ੍ਰਸਤ ਸਿਆਸਤੀ ਤਬਕੇ ਇਸ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਖਹਿਰਾ ਨੇ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ, ਕਹਾਵਤ 'ਤੇ ਕੰਮ ਕਰਦਿਆਂ ਕਿਹਾ ਕਿ ਅਜਿਹੇ ਲੀਡਰਾਂ ਨੂੰ ਆਪਣੇ ਸੂਬੇ ਦੇ ਮੁੱਦਿਆਂ ਨਾਲ ਖੜ੍ਹਨਾ ਸਿੱਖਣਾ ਚਾਹੀਦਾ ਹੈ। ਭਾਵੇਂ ਦਿੱਲੀ ਜਾਂ ਪੰਜਾਬ ਕਿਤੇ ਵੀ ਹੋਣ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਸਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਵਾਲੇ ਦਿਨ ਅਮਰੀਕਾ ਦੇ ਯੂਬਾਸਿਟੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਕੁੱਟਮਾਰ ਵਿੱਚ ਉਨ੍ਹਾਂ ਦੀ ਦਸਤਾਰ ਤਕ ਲੱਥ ਗਈ। ਜੀਕੇ ਦੀ ਅਮਰੀਕਾ ਫੇਰੀ ਦੌਰਾਨ ਦੂਜੀ ਵਾਰ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਨਿਊਯਾਰਕ ਵਿੱਚ ਜੀਕੇ ਦਾ ਰਾਹ ਰੋਕਿਆ ਗਿਆ ਤੇ ਰੋਸ ਵਜੋਂ ਉਨ੍ਹਾਂ ਦੀ ਕਾਰ 'ਤੇ ਜੁੱਤੀਆਂ ਵਰ੍ਹਾਈਆਂ ਗਈਆਂ ਸਨ।
ਜਿੱਥੇ ਸ਼ਨੀਵਾਰ ਵਾਲੇ ਦਿਨ ਹੋਏ ਹਮਲੇ ਤੋਂ ਬਾਅਦ ਜੀਕੇ ਹਮਲਾਵਰਾਂ ਨੂੰ ਲਲਕਾਰਦੇ ਨਜ਼ਰ ਆਏ ਸਨ, ਉੱਥੇ ਹੀ ਅੱਜ ਦੇ ਹਮਲੇ ਤੋਂ ਬਾਅਦ ਉਨ੍ਹਾਂ ਅਕਾਲ ਪੁਰਖ ਵੱਲੋਂ ਹਮਲਾਵਰਾਂ ਨੂੰ ਸੁਮੱਤ ਬਖ਼ਸ਼ਿਸ਼ ਕਰਨ ਦੀ ਗੱਲ ਕਹੀ। ਜੀਕੇ 'ਤੇ ਹੋਏ ਹਮਲੇ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ।