ਕਾਰਾਕਾਸ: ਦੱਖਣੀ ਅਮਰੀਕਾ ਦੇਸ਼ ਵੇਨੇਜ਼ੁਏਲਾ ਮਨੁੱਖੀ ਇਤਿਹਾਸ ਵਿੱਚੋਂ ਸਭ ਤੋਂ ਮਹਿੰਗਾਈ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਹਾਲਾਤ ਇਹ ਹਨ ਕਿ ਇੱਥੇ ਇੱਕ ਕੌਫ਼ੀ 25 ਲੱਖ ਰੁਪਏ ਦੀ ਵਿਕ ਰਹੀ ਹੈ। ਇੱਕ ਕਿੱਲੋ ਟਮਾਟਰ 50 ਲੱਖ ਰੁਪਏ ਵਿੱਚ ਵਿਕ ਰਹੇ ਹਨ।
25 ਲੱਖ ਕਿੱਲੋ ਚੌਲ
ਆਰਥਕ ਸੰਕਟ ਵਿੱਚੋਂ ਲੰਘ ਰਹੇ ਇਸ ਦੇਸ਼ ਵਿੱਚ ਇੱਕ ਕਿੱਲੋ ਮੀਟ 95 ਲੱਖ ਰੁਪਏ ਦਾ ਵਿਕ ਰਿਹਾ ਹੈ। ਉੱਥੇ ਹੀ ਇੱਕ ਕਿੱਲੋ ਆਲੂਆਂ ਦੀ ਕੀਮਤ 20 ਲੱਖ, ਇੱਕ ਕਿੱਲੋ ਗਾਜਰ ਦੀ ਕੀਮਤ 30 ਲੱਖ ਤਕ ਪਹੁੰਚ ਗਈ ਹੈ। ਦੇਸ਼ ਵਿੱਚ ਚੌਲਾਂ ਦੀ ਕੀਮਤ 25 ਲੱਖ ਪ੍ਰਤੀ ਕਿੱਲੋ ਤੇ ਪਨੀਰ 75 ਲੱਖ ਰੁਪਏ ਫੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇੱਕ ਕਰੋੜ ਦੀ ਇੱਕ ਥਾਲੀ
ਜੇਕਰ ਇਨ੍ਹਾਂ ਕੀਮਤਾਂ ਨੂੰ ਸੁਣ ਤੁਸੀਂ ਹੈਰਾਨ ਹੋ ਗਏ ਹੋ ਤਾਂ ਇਹ ਪੜ੍ਹ ਤੁਹਾਨੂੰ ਸਦਮਾ ਵੀ ਲੱਗ ਸਕਦਾ ਹੈ। ਦੇਸ਼ ਵਿੱਚ ਨੌਨ-ਵੈਜ ਥਾਲੀ ਇੱਕ ਕਰੋੜ ਰੁਪਏ ਵਿੱਚ ਵਿਕ ਰਹੀ ਹੈ। ਹੇਠਾਂ ਤੁਸੀਂ ਭਾਰਤੀ ਮੁਦਰਾ ਵਿੱਚ ਵੇਨੇਜ਼ੁਏਲਾ ਵਿੱਚ ਉਪਲਬਧ ਖਾਧ ਪਾਦਰਥਾਂ ਦੀ ਕੀਮਤ ਵੇਖ ਸਕਦੇ ਹੋ-
ਦੇਸ਼ ਵਿੱਚ ਮਹਿੰਗਾਈ ਕਾਰਨ ਹੀ ਕੌਨ ਬਨੇਗਾ ਕਰੋੜਪਤੀ ਵਰਗਾ ਸ਼ੋਅ ਬੰਦ ਕਰਨਾ ਪਿਆ ਹੈ। ਇਸ ਦਾ ਕਾਰਨ ਹੈ ਕਿ ਦੇਸ਼ ਦੀ ਕਰੰਸੀ (ਬੋਲਿਵੀਆਨੋ) ਵਿੱਚ ਇੱਕ ਕਰੋੜ ਦਾ ਕੋਈ ਮੁੱਲ ਹੀ ਨਹੀਂ ਰਹਿ ਗਿਆ। ਆਈਐਮਐਫ ਮੁਤਾਬਕ ਵੇਨੇਜ਼ੁਏਲਾ 'ਤੇ ਮਹਿੰਗਾਈ ਦੀ ਅਜਿਹੀ ਮਾਰ ਪਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਮਹਿੰਗਾਈ ਵਿੱਚ 10 ਲੱਖ ਫ਼ੀਸਦੀ ਦਾ ਵਾਧਾ ਹੋ ਸਕਦਾ ਹੈ।
ਹਰ 26ਵੇਂ ਦਿਨ ਦੁੱਗਣੀਆਂ ਹੋ ਰਹੀਆਂ ਹਨ ਕੀਮਤਾਂ
ਵੇਨੇਜ਼ੁਏਲਾ ਦੀ ਕੌਮੀ ਅਸੈਂਬਲੀ ਮੁਤਾਬਕ ਮਹਿੰਗਾਈ ਕਾਰਨ 26 ਦਿਨਾਂ ਵਿੱਚ ਕੀਮਤਾਂ ਦੁੱਗਣੀਆਂ ਹੋ ਰਹੀਆਂ ਹਨ। ਹਫ਼ੜਾ-ਦਫ਼ੜੀ ਵਿੱਚ ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਵੀਂ ਆਰਥਕ ਨੀਤੀ ਲਾਗੂ ਕਰਨੀ ਪਈ ਹੈ। ਹੁਣ ਦੇਸ਼ ਵਿੱਚ ਪੁਰਾਣੀ ਬੋਲਿਵੀਆਨੋ ਕਰੰਸੀ ਦੀ ਥਾਂ ਸੌਵਰੀਨ ਬੋਲਿਵੀਆਨੋ ਮੁਦਰਾ ਚਲਾਈ ਜਾਵੇਗੀ।
ਕੱਚੇ ਤੇਲ ਦੀਆਂ ਕੀਮਤਾਂ ਨਾਲ ਟੁੱਟਿਆ ਲੱਕ
ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਕੱਚੇ ਤੇਲ ਦਾ ਬਰਾਮਦਗੀ (ਐਕਸਪੋਰਟ) ਹੈ। ਦੇਸ਼ ਵਿੱਚੋਂ ਵਿਦੇਸ਼ਾਂ ਨੂੰ ਭੇਜਣ ਵਾਲੀਆਂ ਕੁੱਲ ਵਸਤਾਂ 'ਚੋਂ 96% ਹਿੱਸਾ ਕੱਚੇ ਤੇਲ ਦਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਦੇਸ਼ ਵਿੱਚ ਮੁਸੀਬਤ ਆਣ ਪਈ ਹੈ। ਇਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਲਗਾਤਾਰ ਨਵੇਂ ਨੋਟ ਛਾਪ ਰਹੀ ਹੈ। ਨਤੀਜਾ ਇਹ ਹੋਇਆ ਦੇਸ਼ ਹਾਈਪਰ ਇੰਫਲੇਸ਼ਨ ਯਾਨੀ ਕਿ ਅੱਤ ਦੀ ਮਹਿੰਗਾਈ ਦਾ ਸ਼ਿਕਾਰ ਹੋ ਗਿਆ ਹੈ। ਮਤਲਬ ਬਾਜ਼ਾਰ ਵਿੱਚ ਨੋਟ ਤਾਂ ਵਧੇ, ਪਰ ਇਸ ਦੇ ਮੁਕਾਬਲੇ ਉਤਪਾਦਨ ਨਹੀਂ ਵਧਿਆ। ਇਸ ਕਾਰਨ ਦੇਸ਼ ਵਿੱਚ ਮਹਿੰਗਾਈ ਹੱਦੋਂ ਵਧ ਰਹੀ ਹੈ।
90 ਫ਼ੀਸਦੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ
ਸਰਕਾਰ ਵੱਲੋਂ ਕਰੰਸੀ ਬਦਲ ਦਿੱਤੀ ਹੈ। ਪੁਰਾਣੇ ਇੱਕ ਲੱਖ ਬੋਲਿਵੀਆਨੋ ਦੀ ਕੀਮਤ ਨਵਾਂ ਇੱਕ ਸੌਵਰਿਨ ਬੋਲਿਵੀਆਨੋ ਹੋਵੇਗੀ। ਸਰਕਾਰ ਨੇ ਟੈਕਸ ਵਧਾਉਣ ਤੇ ਘੱਟੋ-ਘੱਟ ਮਜ਼ਦੂਰੀ ਵਿੱਚ 3000 ਫ਼ੀਸਦ ਤਕ ਦਾ ਵਾਧਾ ਕਰਨ ਦੀ ਯੋਜਨਾ ਬਣਾ ਲਈ ਹੈ। ਹਾਲਾਂਕਿ, ਮਾਹਰਾਂ ਮੁਤਾਬਕ ਇਸ ਨਾਲ ਦੇਸ਼ ਵਿੱਚ ਮਹਿੰਗਾਈ ਤੇ ਭੁੱਖਮਰੀ ਵਧੇਗੀ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਦੇਸ਼ ਵਿੱਚ 90% ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਹਨ। ਇਨ੍ਹਾਂ ਵਿੱਚੋਂ 60 ਫ਼ੀਸਦ ਲੋਕ ਪਹਿਲਾਂ ਤੋਂ ਹੀ ਭੁੱਖਮਰੀ ਦੇ ਪੀੜਤ ਹਨ।