ਇਸਲਾਮਾਬਾਦ: ਪਾਕਿਸਤਾਨ ਦੀ ਨਵੀਂ ਸਰਕਾਰ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਅਧਿਕਾਰੀਆਂ ਤੇ ਨੇਤਾਵਾਂ ਵੱਲੋਂ ਸਰਕਾਰੀ ਪੈਸੇ ਨੂੰ ਆਪਣੇ 'ਤੇ ਖਰਚ ਦੇ ਨਾਲ-ਨਾਲ ਫਰਸਟ ਕਲਾਸ 'ਚ ਹਵਾਈ ਸਫਰ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ।


ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਨਵੇਂ ਫੈਸਲੇ ਮੁਤਾਬਕ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ ਜਸਟਿਸ, ਸੈਨੇਟ ਚੇਅਰਮੈਨ, ਨੈਸ਼ਨਲ ਅਸੈਂਬਲੀ ਦੇ ਸਪੀਕਰ ਮੁੱਖ ਮੰਤਰੀ ਕਲੱਬ/ਬਿਜ਼ਨਸ ਕਲਾਸ 'ਚ ਸਫਰ ਨਹੀਂ ਕਰਨਗੇ। ਇੱਕ ਸਵਾਲ ਦਾ ਜਵਾਬ ਦਿੰਦਿਆਂ ਚੌਧਰੀ ਨੇ ਕਿਹਾ ਕਿ ਸੈਨਾ ਪ੍ਰਮੁੱਖ ਨੂੰ ਪ੍ਰਥਮ ਸ਼੍ਰੇਣੀ 'ਚ ਯਾਤਰਾ ਕਰਨ ਦੀ ਆਗਿਆ ਨਹੀਂ ਤੇ ਉਹ ਹਮੇਸ਼ਾ ਬਿਜ਼ਨੈੱਸ ਸ਼੍ਰੇਣੀ 'ਚ ਯਾਤਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਬਾਕੀ ਦੇ ਅਧਿਕਾਰੀਆਂ ਦੇ ਫੰਡ 'ਤੇ ਵੀ ਰੋਕ ਲਾ ਦਿੱਤੀ ਹੈ।


ਚੌਧਰੀ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇੱਕ ਸਾਲ 'ਚ 51 ਅਰਬ ਰੁਪਏ ਦੀ ਰਕਮ ਦੀ ਵਰਤੋਂ ਕਰਦੇ ਸਨ। ਪ੍ਰਧਾਨ ਮੰਤਰੀ ਨੇ ਵਿਦੇਸ਼ੀ ਜਾਂ ਘਰੇਲੂ ਯਾਤਰਾ ਲਈ ਵਿਸ਼ੇਸ਼ ਜਹਾਜ਼ਾਂ ਤੇ ਬਿਜ਼ਨੈੱਸ ਕਲਾਸ 'ਚ ਯਾਤਰਾ ਕਰਨ 'ਤੇ ਵੀ ਰੋਕ ਲਾਉਣ ਦਾ ਫੈਸਲਾ ਕੀਤਾ ਹੈ।


ਜ਼ਿਕਰਯੋਗ ਹੈ ਕਿ ਆਮ ਚੋਣਾਂ ਜਿੱਤਣ ਤੋਂ ਬਾਅਦ ਖਾਨ ਨੇ ਆਲੀਸ਼ਾਨ ਪ੍ਰਧਾਨ ਮੰਤਰੀ ਰਿਹਾਇਸ਼ 'ਚ ਰਹਿਣ ਦੀ ਬਜਾਏ ਰਿਹਾਇਸ਼ ਦੇ ਛੋਟੇ ਜਿਹੇ ਹਿੱਸੇ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਖਾਨ ਨੇ ਸਿਰਫ ਦੋ ਗੱਡੀਆਂ ਤੇ ਦੋ ਸੇਵਕਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ।