ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਜਾਰੀ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਬੇਅਦਬੀ ਅਤੇ ਗੋਲ਼ੀਕਾਂਡਾਂ ਦੀ ਰਿਪੋਰਟ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਣੀ ਹੈ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਤਿਆਰ ਕੀਤੀ ਇਸ ਰਿਪੋਰਟ 'ਤੇ ਕਾਫੀ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ। 600 ਸਫ਼ਿਆਂ ਦੀ ਇਸ ਜਾਂਚ ਰਿਪੋਰਟ ਦੇ ਨਾਲ 60 ਪੰਨਿਆਂ ਦੀ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕੀਤੀ ਜਾਣੀ ਹੈ। ਰਿਪੋਰਟ ਪੇਸ਼ ਹੋਣ ਸਮੇਂ ਵਿਧਾਨ ਸਭਾ ਅੰਦਰ ਹੋਣ ਵਾਲੀ ਬਹਿਸ ਦਾ ਟੈਲੀਵਿਜ਼ਨ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾ ਸਕਦਾ ਹੈ। ਕਿਸ ਚੈਨਲ ਨੂੰ ਸਿੱਧੇ ਪ੍ਰਸਾਰਣ ਦੀ ਆਗਿਆ ਮਿਲੇਗੀ, ਇਸ ਦਾ ਫੈਸਲਾ ਸਪੀਕਰ ਨੇ ਕਰਨਾ ਹੈ।


ਅਕਾਲੀ ਦਲ ਨੇ ਵੀ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੇ ਨਾਲ-ਨਾਲ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਅਕਾਲੀ ਦਲ ਇਸੇ ਇਰਾਦੇ ਨਾਲ ਅੱਜ ਵਿਧਾਨ ਸਭਾ ਵਿੱਚ ਉੱਤਰੇਗਾ। ਉੱਧਰ ਆਮ ਆਦਮੀ ਪਾਰਟੀ ਨੇ ਕਮਿਸ਼ਨ ਦੀ ਰਿਪੋਰਟ 'ਤੇ ਕੋਈ ਕਿੰਤੂ ਨਹੀਂ ਕੀਤਾ, ਪਰ ਉਨ੍ਹਾਂ ਬਹਿਸ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਇਸ ਮੁੱਦੇ ’ਤੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਦਿ ਨੂੰ ਤਿਆਰ ਕੀਤਾ ਹੈ।

ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬੇਸ਼ੱਕ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਨੂੰ ਆਪਣੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ ਪਰ ਵੱਡਾ ਮੁੱਦਾ ਬਰਗਾੜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ’ਚ ਪੁਲੀਸ ਗੋਲ਼ੀ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਤੇ ਕੋਟਕਪੂਰਾ ਵਿੱਚ ਪੁਲੀਸ ਵੱਲੋਂ ਗੋਲ਼ੀ ਚਲਾਉਣ ਦੀਆਂ ਘਟਨਾਵਾਂ ਹੀ ਹਨ।

ਰਿਪੋਰਟ ਲੀਕ ਹੋਣ, ਗਵਾਹ ਵੱਲੋਂ ਬਿਆਨ ਬਦਲਣ ਤੇ ਐਸਆਈਟੀ ਮੁਖੀ ਵੱਲੋਂ ਪਿਛਲੀ ਸਰਕਾਰ ਦੇ ਪੱਖ 'ਚ ਭੁਗਤਣ ਨਾਲ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਇਸ ਦਾ ਲਾਹਾ ਚੁੱਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉੱਧਰ, ਮੁੱਖ ਵਿਰੋਧੀ ਧਿਰ ਦੀ ਧੜੇਬੰਧੀ ਕਾਰਨ ਇਸ ਲੜਾਈ ਵਿੱਚੋਂ ਬਾਹਰ ਹੀ ਦਿਖਾਈ ਦੇ ਰਹੀ ਹੈ ਤੇ ਪਿੜ ਵਿੱਚ ਕਾਂਗਰਸ ਤੇ ਅਕਾਲੀਆਂ ਦੇ ਕੁੱਦਣ ਦੇ ਹੀ ਆਸਾਰ ਹਨ।