ਚੰਡੀਗੜ੍ਹ: ਬੇਅਦਬੀ ਕਾਂਡਾਂ 'ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਉਂਗਲ ਚੁੱਕੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਰਿਹਾਇਸ਼ 'ਤੇ ਮੁਤਵਾਜ਼ੀ ਜਥੇਦਾਰ ਤੇ ਕੈਬਨਿਟ ਮੰਤਰੀ ਦਰਮਿਆਨ ਮੀਟਿੰਗ ਹੋਣ ਦਾ ਦੋਸ਼ ਲਾਇਆ ਹੈ।


ਮਜੀਠੀਆ ਨੇ ਬੀਤੀ ਦੇਰ ਰਾਤ ਟਵੀਟ ਕਰ ਕੇ ਸਰਕਾਰ 'ਤੇ ਰਿਪੋਰਟ ਸਬੰਧੀ ਵੱਡੀ ਸਾਜਿਸ਼ ਰਚਣ ਦੇ ਦੋਸ਼ ਲਾਏ ਹਨ। ਮਜੀਠੀਆ ਨੇ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਰਕਾਰੀ ਦੱਸਦਿਆਂ ਟਵੀਟ ਕੀਤਾ ਕਿ ਵਿਧਾਨ ਸਭਾ ਵਿੱਚ ਰਿਪੋਰਟ ਨੂੰ ਪੇਸ਼ ਕੀਤੇ ਜਾਣ ਤੋਂ ਸਿਰਫ਼ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਕਾਂਗਰਸ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਰਮਿਆਨ ਮੁਲਾਕਾਤ ਹੋਈ ਹੈ।


ਅਕਾਲੀ ਦਲ ਸ਼ੁਰੂ ਤੋਂ ਹੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਸਵਾਲ ਚੁੱਕਦਾ ਆਇਆ ਹੈ। ਮੁੱਖ ਮੰਤਰੀ ਕੋਲ ਪਹੁੰਚਣ ਤੋਂ ਬਾਅਦ ਰਿਪੋਰਟ ਲੀਕ ਵੀ ਹੋ ਗਈ ਅਤੇ ਉਦੋਂ ਤੋਂ ਅਕਾਲੀ ਦਲ ਇਸ ਨੂੰ ਕਾਂਗਰਸ ਵੱਲੋਂ ਤਿਆਰ ਕੀਤੀ ਰਿਪੋਰਟ ਦੱਸ ਰਿਹਾ ਹੈ। ਅਕਾਲੀ ਦਲ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਰਿਪੋਰਟ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਵੀ ਲਾਏ ਸਨ।

ਹੁਣ, ਮਜੀਠੀਆ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਰਿਪੋਰਟ ਨੂੰ ਪ੍ਰਭਾਵਿਤ ਕਰਨ ਦੀ ਸਾਜਿਸ਼ ਰਚਣ ਦੇ ਇਲਜ਼ਾਮ ਲਾਏ ਹਨ। ਹੁਣ ਦੇਖਣਾ ਹੋਵੇਗਾ ਕਿ ਸੋਮਵਾਰ ਨੂੰ ਸਦਨ ਵਿੱਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਕੀ ਮਾਹੌਲ ਬਣਦਾ ਹੈ।