Punjab news: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਫਰਵਰੀ ਨੂੰ ਪੰਜਾਬ ਬਚਾਓ ਮਾਰਚ ਦੀ ਆਰੰਭਤਾ ਕੀਤੀ ਜਾ ਰਹੀ ਹੈ।
ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਅੱਜ ਸਹਿਮਿਆ ਹੋਇਆ ਤੇ ਭੈਭੀਤ ਨਜ਼ਰ ਆ ਰਿਹਾ ਹੈ, ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਹਨ, ਪੰਜਾਬ ਦੀ ਨਾ ਕੋਈ ਸੰਭਾਲ ਕਰਨ ਵਾਲਾ ਰਿਹਾ ਤੇ ਨਾ ਹੀ ਪੰਜਾਬ ਦਾ ਕੋਈ ਵਾਲੀ ਵਾਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਹੁਣ ਖੇਤ ਦਾ ਬਚਣਾ ਅਸੰਭਵ ਲੱਗ ਰਿਹਾ ਹੈ ਅਤੇ ਇਹ ਸਾਰਾ ਕੁਝ ਸਰਕਾਰ ਦੀਆਂ ਨਲਾਇਕੀਆਂ, ਫਜੂਲ ਖਰਚੀਆਂ, ਆਪ ਹੁਦਰੀਆਂ ਕਰਕੇ ਹੋ ਰਿਹਾ ਹੈ।
ਚੰਦੂ ਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਇਹਨਾਂ ਗਲਤੀਆਂ ਕਰਕੇ ਅੱਜ ਪੰਜਾਬ ਆਰਥਿਕ ਪੱਖੋਂ ਬੇਹਾਲ ਹੋ ਚੁੱਕਿਆ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਖੋਰਾ ਲੱਗ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਅੱਜ ਧੁੰਦਲਾ ਨਜ਼ਰ ਆ ਰਿਹਾ ਹੈ ਤੇ ਪੰਜਾਬ ਅੰਦਰ ਰੁਜ਼ਗਾਰ ਦੇ ਸਾਧਨ ਬੰਦ ਹੋ ਰਹੇ ਹਨ, ਪੰਜਾਬ ਵਿੱਚ ਵਿਕਾਸ ਕਾਰਜਾਂ ਚ ਖੜੋਤ ਆ ਚੁੱਕੀ ਹੈ, ਤੇ ਪੰਜਾਬ ਦੇ ਹੁਕਮਰਾਨਾਂ ਨੂੰ ਨਾ ਪੰਜਾਬ ਦੀ ਕੋਈ ਚਿੰਤਾ ਤੇ ਨਾ ਕੋਈ ਫਿਕਰ ਹੈ ਤੇ ਪੰਜਾਬ ਦੇ ਹੁਕਮਰਾਨ ਕੇਬਲ ਆਪਣੀਆਂ ਫੋਟੋਆਂ ਚਮਕਾਉਣ ਦੇ ਲਈ ਸੂਬੇ ਨੂੰ ਤਬਾਹ ਕਰਨ ਤੇ ਲੱਗੇ ਹੋਏ ਹਨ।
ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਅੰਦਰ ਕਾਨੂੰਨ ਦੇ ਰਾਖੇ ਕਾਨੂੰਨ ਤੋਂ ਭੱਜ ਰਹੇ ਹਨ, ਕੇਜਰੀਵਾਲ ਤੇ ਤਿੱਖਾ ਸ਼ਬਦ ਹੀ ਹਮਲਾ ਕਰਦਿਆਂ ਚੰਦੂ ਮਾਜਰਾ ਨੇ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਣ ਵਾਲਿਆਂ ਦਾ ਦੋਹਰਾ, ਤਹਿਰਾ ਤੇ ਚੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਜਿਸ ਤਰ੍ਹਾਂ ਕੇਜਰੀਵਾਲ ਕਾਨੂੰਨ ਦਾ ਸਾਹਮਣਾ ਕਰਨ ਤੋਂ ਲੁਕ ਲੁਕ ਕੇ ਭੱਜ ਰਿਹਾ ਹੈ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ, ਕੱਟੜ ਇਮਾਨਦਾਰ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਕੱਟੜ ਬੇਈਮਾਨ ਨਜ਼ਰੀ ਪੈ ਰਹੀ ਹੈ।
ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਕਿਸੇ ਨਾਲ ਸਿਆਸੀ ਬਦਲਾਖੋਰੀ ਨਹੀਂ ਕਰਾਂਗੇ ਅੱਜ ਉਹ ਸਿਆਸੀ ਬਦਲਾਖੋਰੀ ਦੀ ਸ਼ਿਖਰ ਤੱਕ ਪੁੱਜ ਚੁੱਕੇ ਹਨ। ਉਹਨਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕੇਸ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਪਾਸੇ ਉਹਨਾਂ ਨੂੰ ਜਮਾਨਤ ਮਿਲੀ ਪਰੰਤੂ ਦੂਜੇ ਪਾਸੇ ਸੱਤਾਧਾਰੀ ਧਿਰ ਦੇ ਕਹਿਣ ਤੇ ਉਹਨਾਂ ਨੂੰ ਇੱਕ ਹੋਰ ਕੇਸ ਤੇ ਵਿੱਚ ਫਸਾ ਕੇ ਫਿਰ ਅੰਦਰ ਕਰ ਦਿੱਤਾ ਗਿਆ।
ਪ੍ਰੰਤੂ ਜਦੋਂ ਆਪ ਨੂੰ ਈਡੀ ਦੇ ਵੱਲੋਂ ਬਾਰ-ਬਾਰ ਸੰਮਣ ਕੀਤੇ ਜਾ ਰਹੇ ਹਨ ਤਾਂ ਆਪ ਸੁਪਰੀਮੋ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੋਣ ਦੀ ਬਜਾਏ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਦੋਹਰੇ ਫੇਸ ਵਾਲੀ ਪਾਰਟੀ ਹੁਣ ਕੱਖਾਂ ਨਾਲੋਂ ਹੌਲੀ ਹੋ ਚੁੱਕੀ ਹੈ ਤੇ ਲੋਕ ਸਾਰਾ ਕੁਝ ਜਾਣਦੇ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਪਾਰਟੀ ਲੋਕਾਂ ਦਾ ਸਾਹਮਣਾ ਨਹੀਂ ਕਰ ਪਾਵੇਗੀ ਕਿਉਂਕਿ ਜਿਸ ਪਾਰਟੀ ਦੇ ਲੀਡਰ ਕਾਨੂੰਨ ਤੋਂ ਭਗੋੜੇ ਹੋ ਜਾਣ ਤੇ ਕਾਨੂੰਨ ਦਾ ਸਾਹਮਣਾ ਨਾ ਕਰ ਸਕਣ ਉਹ ਪਾਰਟੀ ਲੋਕਾਂ ਦੇ ਵਿੱਚ ਆਪਣਾ ਆਧਾਰ ਗਵਾ ਲੈਂਦੀ ਹੈ
ਜ਼ਿਕਰਯੋਗ ਹੈ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸਜਾਇਆ ਜਾ ਰਿਹਾ ਹੈ ਤੇ ਇਹ ਨਗਰ ਕੀਰਤਨ 10 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇਗਾ ਤੇ 16 ਜਨਵਰੀ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ।
ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੇ ਲਈ ਤੇ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਕਰਨ ਦੇ ਲਈ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਸਨ, ਉਨ੍ਹਾਂ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਚ ਸਾਈਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਭਰਪੂਰ ਜੋਸ਼ ਹੈ ਤੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਵੀ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ।