ਚੰਡੀਗੜ੍ਹ: ਹੁਣ ਸਿੱਖ ਸਿਆਸੀ ਪਾਰਟੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਅ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਤੇ ਭਾਰਤੀ ਮੁਕਤੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਸੀਏਏ, ਐਨਆਰਸੀ ਤੇ ਐਨਪੀਆਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਖੱਬੇਪੱਖੀ ਟਰੇਡ ਤੇ ਕਿਸਾਨ ਜਥੇਬੰਦੀਆਂ ਨੇ ਭਾਰਤ ਦਾ ਸੱਦਾ ਦਿੱਤੀ ਸੀ।


ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ’ਤੇ ਲਗਾਤਾਰ ਜ਼ਬਰਦਸਤੀ ਹਿੰਦੂਤਵ ਪ੍ਰੋਗਰਾਮ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਹਿੰਦੂ ਕੁਹਾੜਾ ਅੱਜ ਮੁਸਲਿਮ ਕੌਮ ਉੱਤੇ ਚੱਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਭ ਘੱਟ ਗਿਣਤੀ ਕੌਮਾਂ ਨੂੰ ਇਸ ਦੀ ਗ੍ਰਿਫ਼ਤ ਵਿੱਚ ਲਿਆਂਦਾ ਜਾਵੇਗਾ।

ਇਸ ਲਈ ਘੱਟ ਗਿਣਤੀ ਕੌਮਾਂ ਨੂੰ ਉਪਰੋਕਤ ਤਿੰਨੇ ਜਾਬਰ ਕਾਲੇ ਕਾਨੂੰਨਾਂ ਨੂੰ ਪੂਰਨ ਤੌਰ ’ਤੇ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕੌਮਾਂਤਰੀ ਪੱਧਰ ’ਤੇ ਆਪਣਾ ਰੋਸ ਜ਼ਾਹਰ ਕਰਨ ਹਿੱਤ 25 ਜਨਵਰੀ ਨੂੰ ਬਤੌਰ ਕਾਲਾ ਦਿਵਸ ਮਨਾਉਂਦੇ ਹੋਏ ਪੰਜਾਬ ਬੰਦ ਦਾ ਸੱਦਾ ਦਿੱਤਾ। ਦੱਸ ਦਈਏ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਧਿਰਾਂ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਰੋਧ ਕਰ ਰਹੀਆਂ ਹਨ।