Punjab Bandh: ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਬੈਠੇ ਕਿਸਾਨਾਂ ਦੇ ਸੱਦੇ ਤਹਿਤ ਅੱਜ ਭਾਵ ਕਿ ਸੋਮਵਾਰ ਨੂੰ ਪੰਜਾਬ ਬੰਦ ਰਹੇਗਾ। ਦੱਸ ਦਈਏ ਕਿ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸਭ ਕੁਝ ਬੰਦ ਰਹੇਗਾ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਮਿਲੇਗੀ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਬੰਦ ’ਚ ਰੇਲਵੇ ਅਤੇ ਸੜਕੀ ਆਵਾਜਾਈ ਜਾਮ ਰਹੇਗੀ, ਦੁਕਾਨਾਂ ਵੀ ਬੰਦ ਰਹਿਣਗੀਆਂ, ਗੈਸ ਸਟੇਸ਼ਨ, ਪੈਟਰੋਲ ਪੰਪ, ਸਬਜ਼ੀ ਮੰਡੀ, ਦੁੱਧ ਦੀ ਸਪਲਾਈ ਸਮੇਤ ਹਰ ਚੀਜ਼ ਬੰਦ ਰੱਖੀ ਜਾਵੇਗੀ।
ਉਨ੍ਹਾਂ ਆਖਿਆ ਕਿ ਮੈਡੀਕਲ ਸੇਵਾਵਾਂ, ਵਿਆਹ ਦੀਆਂ ਰਸਮਾਂ, ਇੰਟਰਵਿਊ ਦੇਣ ਵਾਲਿਆਂ ਅਤੇ ਫਲਾਈਟ ਵਾਲਿਆਂ ਲਈ ਰਸਤਾ ਖੁੱਲ੍ਹਾ ਰਹੇਗਾ। ਪੰਧੇਰ ਨੇ ਆਖਿਆ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਸਰਕਾਰ ਤੱਕ ਪਹੁੰਚਾਉਣ ਲਈ ਸੰਘਰਸ਼ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਦੁਕਾਨਾਂ ਬੰਦ ਰੱਖਣ।