ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਤੇ ਬਾਦਲਾਂ ਤੇ ਗੰਭੀਰ ਦੋਸ਼ ਲਾਏ ਹਨ। ਮਾਨ ਨੇ ਕਿਹਾ ਹੈ ਕਿ "ਕੈਪਟਨ ਅਤੇ ਬਾਦਲਾਂ ਦੇ ਦਹਾਕਿਆਂ ਤੋਂ ਫਰੈਂਡਲੀ ਮੈਚ ਦੀ ਪੰਜਾਬ ਸਜਾ ਭੁਗਤ ਰਿਹਾ ਹੈ। ਖ਼ੁਸ਼ਹਾਲ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਲਈ ਕੈਪਟਨ ਅਤੇ ਬਾਦਲਾਂ ਦਾ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਜ਼ਿੰਮੇਵਾਰ ਹੈ।" ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦੇ ਹੋਏ ਮਾਨ ਨੇ ਕਿਹਾ, '' ਤੁਸੀਂ 13 ਸਾਲਾਂ ਤੋਂ ਅਦਾਲਤੀ ਕੇਸਾਂ ਦਾ ਹਵਾਲਾ ਦੇ ਕੇ ਕਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਲਈ ਵਾਰੀ ਬੰਨ ਕੇ ਸੱਤਾ ਹਾਸਲ ਕਰਨ ਲਈ ਪਿਛਲੇ 19 ਸਾਲਾਂ ਤੋਂ ਫਰੈਂਡਲੀ ਮੈਚ ਖੇਡ ਰਹੇ ਹੋ।'' ਭਗਵੰਤ ਮਾਨ ਨੇ ਕਿਹਾ ਕਿ "ਜੇਕਰ ਪੰਜਾਬ ਅੰਦਰ ਕੋਈ ਸਾਫ਼ ਨੀਅਤ ਅਤੇ ਨੀਤੀਆਂ ਵਾਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਈ ਹੁੰਦੀ ਤਾਂ ਅੰਨ੍ਹੇਵਾਹ ਭ੍ਰਿਸ਼ਟਾਚਾਰ ਕਰਨ ਵਾਲੇ ਕੈਪਟਨ ਅਤੇ ਬਾਦਲ ਟੱਬਰਾਂ ਸਮੇਤ ਸਲਾਖ਼ਾਂ ਪਿੱਛੇ ਹੁੰਦੇ।" ਭਗਵੰਤ ਮਾਨ ਨੇ ਕੈਪਟਨ ਨੂੰ ਪੁੱਛਿਆ ਕਿ "ਬਾਦਲਾਂ ਦੇ 3500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਦੋਸ਼ਾਂ ਤਹਿਤ 2002 'ਚ ਦਰਜ ਕੀਤੇ ਗਏ ਕੇਸ ਦਾ ਕੀ ਬਣਿਆ? ਜਦੋਂ ਬਾਦਲਾਂ ਵਿਰੁੱਧ ਸਾਰੇ ਨਿੱਜੀ ਅਤੇ ਸਰਕਾਰੀ ਗਵਾਹ ਮੁੱਕਰ ਰਹੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਬੈਠੇ ਰਹੇ? ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕੀਤਾ ਜਾਵੇ ਕਿ 2017 'ਚ ਮੁੜ ਸੱਤਾ 'ਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਬਾਦਲਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਮੁੜ ਕਿਉਂ ਨਹੀਂ ਖੋਲ੍ਹਿਆ?"