ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (BJP) ਇੰਚਾਰਜ ਪੰਜਾਬ ਦੁਸ਼ਯੰਤ ਕੁਮਾਰ ਗੌਤਮ ਸਿੰਘੂ ਬਾਰਡਰ 'ਤੇ ਦਲਿਤ ਮਜ਼ਦੂਰ ਦੇ ਕਤਲ ਮਾਮਲੇ 'ਚ ਅੱਜ ਪਾਰਟੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਪਹੁੰਚੇ।



ਨੱਡਾ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਕਿਹਾ, "ਜੇਪੀ ਨੱਡਾ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ।" ਸ਼ੁਕਰਵਾਰ ਤੜਕੇ ਸਿੰਘ ਬਾਰਡਰ 'ਤੇ ਹੱਥ ਤੇ ਪੈਰ ਵੱਢੀ ਲਾਸ਼ ਬੈਰੀਕੇਡ ਨਾਲ ਟੰਗੀ ਹੋਈ ਮਿਲੀ। ਇਹ ਲਾਸ਼ ਸਿੰਘੂ ਬਾਰਡਰ 'ਤੇ ਕਿਸਾਨਾਂ  ਦੀ ਸਟੇਜ ਦੇ ਕੋਲ ਮਿਲੀ ਸੀ।

ਪੁਲਿਸ ਨੇ ਇਸ ਮਾਮਲੇ 'ਚ FIR ਦਰਜ ਕਰ ਲਈ ਹੈ। ਬੀਤੇ ਕੱਲ੍ਹ ਤਿੰਨ ਨਿਹੰਗ ਸਿੰਘਾਂ ਨੇ ਇਸ ਮਾਮਲੇ 'ਚ ਗ੍ਰਿਫ਼ਤਾਰੀ ਵੀ ਦੇ ਦਿੱਤੀ ਹੈ। ਹੁਣ ਤੱਕ ਇਸ ਕਤਲ ਕੇਸ 'ਚ 4 ਮੁਲਜ਼ਮ ਸਰੰਡਰ ਕਰ ਚੁੱਕੇ ਹਨ।

ਦੁਸ਼ਯੰਤ ਕੁਮਾਰ ਨੇ ਕਿਹਾ, "ਕਿਸਾਨ ਅੰਦੋਲਨ ਤੇ ਕੁਝ ਅਪਰਾਧੀਆਂ ਦਾ ਕਬਜ਼ਾ ਹੋ ਗਿਆ ਹੈ, ਧਰਨਾ 'ਚ ਦਿਨੋਂ ਦਿਨ ਵੱਧ ਰਹੀਆਂ ਵਾਰਦਾਤਾਂ ਤੋਂ ਇੰਝ ਲੱਗਦਾ ਹੈ ਜਿਵੇਂ ਇਹ ਤਾਲਿਬਾਨੀ ਹੋਣ।"

ਉਨ੍ਹਾਂ ਅੱਗੇ ਕਿਹਾ," ਇਸ ਤੋਂ ਪਹਿਲਾਂ ਇੱਕ ਮਹਿਲਾ ਦਾ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਲੋਕ ਤਾਲਿਬਾਨੀਆਂ ਵਾਂਗ ਕਰ ਰਹੇ ਹਨ ਤੇ ਦੇਸ਼ ਵਿੱਚ ਅੱਤਵਾਦ ਫਲਾ ਰਹੇ ਹਨ।"

ਬੀਜੇਪੀ ਲੀਡਰ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਉਹ ਇਸ ਮੁੱਦੇ ਤੇ ਚੁੱਪ ਕਿਉਂ ਹੈ। ਉਨ੍ਹਾਂ ਕਿਹਾ, ਕਾਂਗਰਸ ਪਾਰਟੀ ਲਖੀਮਪੁਰ ਖੀਰੀ ਘਟਨਾ ਮਗਰੋਂ ਪੱਭਾਂ ਭਾਰ ਸੀ, ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ। ਜਦਕਿ ਰਾਜਸਥਾਨ 'ਚ ਕਈ ਦਲਿਤਾਂ ਦੇ ਹਮਲੇ ਹੋਏ ਪਰ ਕਾਂਗਰਸ ਚੁੱਪ ਹੈ।