ਚੰਡੀਗੜ੍ਹ: ਸਿੰਘੂ ਬਾਰਡਰ ਉਪਰ ਨਿਹੰਗ ਸਿੰਘ ਵੱਲੋਂ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਕਤਲ ਮਗਰੋਂ ਭਾਰਤੀ ਜਨਤਾ ਪਾਰਟੀ ਲਗਾਤਾਰ ਹਮਲੇ ਕਰ ਰਹੀ ਹੈ। ਬੀਜੇਪੀ ਦੇ ਲੀਡਰ ਇਸ ਘਟਨਾ ਦੀ ਆੜ ਹੇਠ ਕਿਸਾਨੀ ਅੰਦੋਲਨ ’ਤੇ ਹੀ ਸਵਾਲ ਉਠਾ ਰਹੇ ਹਨ

ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਦੀਆਂ ਸਰਹੱਦਾਂ ਟਿਕਰੀ ਤੇ ਸਿੰਘੂ ’ਤੇ ਲੱਗੇ ਕਿਸਾਨੀ ਮੋਰਚਿਆਂ ਨੂੰ ਅਪਰਾਧਾਂ ਦੇ ਕੇਂਦਰ ਤੱਕ ਕਰਾਰ ਦੇ ਦਿੱਤਾ ਹੈ। ਬੀਜੇਪੀ ਲੀਡਰ ਨੇ ਕਿਹਾ ਹੈ ਕਿ ਅੰਦੋਲਨ ਦੀ ਆੜ ਹੇਠ ਕਿਸਾਨਾਂ ਦੀ ਮਨਮਾਨੀ ਕਾਨੂੰਨ ਵਿਵਸਥਾ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵਾਲੀ ਥਾਂ ’ਤੇ ਸਮੂਹਿਕ ਬਲਾਤਕਾਰ ਤੋਂ ਲੈ ਕੇ ਲੁੱਟਾਂ-ਖੋਹਾਂ ਤੇ ਹੱਤਿਆਵਾਂ ਸਮੇਤ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਮੇਸ਼ਾ ਪੱਲਾ ਝਾੜਦੇ ਆਏ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੀ ਜ਼ਿੰਮੇਵਾਰੀ ਸਿੱਧੇ ਮੋਰਚੇ ਦੇ ਲੀਡਰਾਂ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਗੈਰਕਨੂੰਨੀ ਢੰਗ ਨਾਲ ਕਿਸਾਨ ਧਰਨੇ ਦੇ ਰਹੇ ਹਨ ਤੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਸਮਰਥਨ ਕਰਦਾ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਕਥਿਤ ਕਿਸਾਨਾਂ ਵੱਲੋਂ ਪੁਲਿਸ ਦੇ ਸਾਹਮਣੇ ਕਈ ਭਾਜਪਾ ਨੇਤਾਵਾਂ ’ਤੇ ਕਾਤਲਾਨਾ ਹਮਲੇ, ਭਾਜਪਾ ਦੇ ਪ੍ਰੋਗਰਾਮਾਂ ਤੇ ਦਫ਼ਤਰਾਂ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਪਰ ਅਜੇ ਤੱਕ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸੀ ਨੇਤਾਵਾਂ ਕੋਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤਾਂ ਸੰਭਲਦੀ ਨਹੀਂ ਪਰ ਉਹ ਦੂਜੇ ਸੂਬਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਧਰਨੇ ਪ੍ਰਦਰਸ਼ਨ ਕਰਦੇ ਫਿਰਦੇ ਹਨ।