ਅੰਮ੍ਰਿਤਸਰ: ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਪੰਜਾਬ ਬੀਜੇਪੀ ਖੇਤੀ ਕਾਨੂੰਨਾਂ ਬਾਰੇ ਆਪਣਾ ਪੱਖ ਰੱਖਣ ਲਈ ਮੁੜ ਸਰਗਰਮ ਹੋਈ ਹੈ। ਭਾਜਪਾ ਨੇਤਾ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਖੇਤੀ ਕਾਨੂੰਨਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਇੱਕ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਲਿਕ ਨੇ ਕਿਹਾ, "ਵਿਰੋਧੀ ਧਿਰਾਂ ਦੀ ਮੰਗ 'ਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਲਿਆਂਦਾ ਗਿਆ ਹੈ।"

ਉਨ੍ਹਾਂ ਕਿਹਾ, "ਕਿਸਾਨ ਹਿਤੈਸ਼ੀ ਇਹ ਕਾਨੂੰਨ ਕਿਸਾਨਾਂ ਨੂੰ ਦਲਾਲਾਂ ਤੋਂ ਆਜ਼ਾਦ ਕਰਵਾਉਣ ਲਈ ਹਨ।" ਸ਼ਵੇਤ ਮਲਿਕ ਨੇ ਕਿਹਾ ਕਿ "ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਖੇਤੀ ਕਾਨੂੰਨਾਂ ਦੇ ਨਾਂ 'ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।" ਇਸ ਦੌਰਾਨ ਮਲਿਕ ਨੇ ਅਕਾਲੀ ਦਲ ਤੇ ਵੀ ਹਮਲਾ ਬੋਲਿਆ।

ਮਲਿਕਾ ਨੇ ਕਿਹਾ, "ਸੁਖਬੀਰ ਬਾਦਲ ਪਹਿਲਾਂ ਝੂਠੇ ਸੀ ਜਾਂ ਫਿਰ ਹੁਣ। ਪਹਿਲਾਂ ਕਹਿੰਦੇ ਸੀ ਕਿ ਕਾਨੂੰਨ ਵਧੀਆ ਹਨ ਤੇ ਹੁਣ ਉਹੀ ਕਾਨੂੰਨਾਂ ਨੂੰ ਮਾੜਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਦੋ ਕਿਰਦਾਰ ਹਨ। ਅਕਾਲੀ ਦਲ ਨੇ ਭਰੋਸੇਮੰਦ ਸਾਥੀ ਦੀ ਪਿੱਠ 'ਚ ਛੁਰਾ ਮਾਰਿਆ ਹੈ। ਸੁਖਬੀਰ ਬਾਦਲ ਨੇ ਸਿਆਸੀ ਹਿੱਤਾਂ ਲਈ ਗਠਜੋੜ ਭਾਜਪਾ ਨਾਲੋਂ ਨਾਤਾ ਤੋੜਿਆ ਹੈ।"