Punjab BJP Leaders: ਪੰਜਾਬ ਭਾਜਪਾ ਦੇ ਆਗੂਆਂ ਨੇ ਕੁਝ ਸਮੇਂ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਦੇ ਨੇਤਾਵਾਂ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਉਹਨਾਂ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਨੂੰ ਰੋਕ ਰਹੀ ਹੈ। ਇਹ ਕੈਂਪ ਲੋਕਾਂ ਨੂੰ ਕੇਂਦਰ ਸਰਕਾਰ, ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਯੋਜਨਾਵਾਂ ਵਿੱਚ ਰਜਿਸਟਰ ਕਰਵਾਉਣ ਲਈ ਲਗਾਏ ਜਾ ਰਹੇ ਹਨ। ਇਸ ਦੌਰਾਨ ਜਲੰਧਰ ਵਿੱਚ ਭਾਜਪਾ ਦੇ ਦੋ ਆਗੂਆਂ ਅਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਕੁਝ ਧੱਕਾ ਮੁੱਕੀ ਦੀ ਘਟਨਾ ਵੀ ਵਾਪਰੀ ਹੈ।
ਕੇਂਦਰੀ ਰਾਜ ਮੰਤਰੀ ਬਿੱਟੂ ਵੱਲੋਂ ਵੀ ਰਿਐਕਸ਼ਨ ਆਇਆ
ਜਦੋਂ ਕਿ ਪਠਾਨਕੋਟ ਦੇ ਪ੍ਰਧਾਨ ਸੁਰੇਸ਼ ਕੁਮਾਰ ਦੇ ਘਰ ਵੀ ਪਹੁੰਚੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਸਾਡੀ ਟੀਮ ਗਵਰਨਰ ਨਾਲ ਮਿਲ ਰਹੀ ਹੈ। ਅਸੀਂ ਦਿੱਲੀ ਦੇ ਭਗੌੜਿਆਂ ਖਿਲਾਫ ਲੋਕ ਲਹਿਰ ਛੇੜ ਦੇਵਾਂਗੇ। AAP ਨੇ ਕੇਂਦਰ ਦੀ ਸਕੀਮ ਨੂੰ ਰੋਕ ਕੇ ਰੱਖਿਆ ਹੈ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਖੜੇ ਹੋ ਜਾਣ।
20 ਜੂਨ ਤੋਂ ਸ਼ੁਰੂ ਹੋਏ ਸੈਂਟਰ
ਪੰਜਾਬ ਭਾਜਪਾ ਦੇ ਸੇਵਾਦਾਰਾਂ ਵੱਲੋਂ ਲੋਕਾਂ ਲਈ ਕੈਂਪ ਲਗਾਏ ਜਾ ਰਹੇ ਸਨ। ਇਹ ਕੈਂਪ 20 ਜੂਨ ਤੋਂ ਸ਼ੁਰੂ ਹੋਏ ਸਨ ਅਤੇ ਇਸ ਮਹੀਨੇ ਦੇ ਅੰਤ ਤੱਕ ਚੱਲਣੇ ਸਨ। ਇਸ ਦੌਰਾਨ ਭਾਜਪਾ ਦੇ ਆਗੂ ਜ਼ਿਲ੍ਹਿਆਂ ਵਿੱਚ ਜਾ ਕੇ ਕੈਂਪ ਕਰ ਰਹੇ ਸਨ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਈ ਲੋਕਾਂ ਨੂੰ ਆਨਲਾਈਨ ਰਜਿਸਟਰ ਕਰਵਾ ਰਹੇ ਸਨ। ਇਸ ਵਿੱਚ ਆਯੁਸ਼ਮਾਨ ਕਾਰਡ, ਕਿਸਾਨ ਸਨਮਾਨ ਨਿਧਿ, ਆਵਾਸ ਯੋਜਨਾ ਅਤੇ ਈ-ਸ਼੍ਰਮ ਯੋਜਨਾ ਵਰਗੀਆਂ ਯੋਜਨਾਵਾਂ ਵਿੱਚ ਲੋਕਾਂ ਦਾ ਪੰਜੀਕਰਨ ਕੀਤਾ ਜਾ ਰਿਹਾ ਸੀ। ਪਰ ਭਾਜਪਾ ਦਾ ਦੋਸ਼ ਹੈ ਕਿ ਜਿਵੇਂ ਹੀ ਸਰਕਾਰ ਨੂੰ ਲੱਗਾ ਕਿ ਉਹਨਾਂ ਦੀ ਪਿੰਡਾਂ ਵਿੱਚ ਪਕੜ ਕਮਜ਼ੋਰ ਹੋ ਰਹੀ ਹੈ, ਤੁਰੰਤ ਉਹਨਾਂ ਦੇ ਕੈਂਪ ਰੋਕ ਦਿੱਤੇ ਗਏ, ਜੋ ਕਿ ਉਚਿਤ ਨਹੀਂ ਹੈ।
ਆਪ ਨੇਤਾ ਨੇ ਆਖੀ ਇਹ ਗੱਲ
ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਕਿਹਾ ਕਿ ਕੁਝ ਝੂਠੇ ਲੋਕ ਡਾਟਾ ਇਕੱਠਾ ਕਰ ਰਹੇ ਹਨ, ਜਿਸ ਤਰੀਕੇ ਨਾਲ ਲੋਕਾਂ ਨਾਲ ਧੋਖਾਧੜੀ ਹੋ ਸਕਦੀ ਹੈ। ਇਸੀ ਕਾਰਨ ਸਖਤੀ ਵਰਤੀ ਗਈ ਹੈ। ਕਿਸੇ ਨੂੰ ਵੀ ਰਾਜਨੀਤਿਕ ਗਤੀਵਿਧੀ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਰਾਜ ਸਰਕਾਰਾਂ ਰਾਹੀਂ ਲਾਗੂ ਹੁੰਦੀਆਂ ਹਨ। ਇਸ ਸੰਦਰਭ ਵਿੱਚ ਕੋਈ ਰਾਜਨੀਤਿਕ ਪਾਰਟੀ ਇਹ ਯੋਜਨਾਵਾਂ ਸਿੱਧਾ ਕਿਵੇਂ ਲਾਗੂ ਕਰ ਸਕਦੀ ਹੈ?
ਡਿਜ਼ੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਅਨੁਸਾਰ ਕਿਸੇ ਵੀ ਕਿਸਮ ਦੀ ਨਿੱਜੀ ਜਾਣਕਾਰੀ ਬਿਨਾਂ ਵਿਅਕਤੀ ਦੀ ਮਨਜ਼ੂਰੀ ਦੇ ਇਕੱਠੀ ਜਾਂ ਵਰਤੀ ਜਾਣਾ ਕਾਨੂੰਨੀ ਜੁਰਮ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ।