ਫਿਰੋਜ਼ਪੁਰ: ਭਾਰਤ-ਪਾਕਿ ਵਿਚਾਲੇ ਬਣੇ ਤਣਾਅ ਕਰਕੇ ਸਰਹੱਦੀ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਹਨ। ਲੋਕ ਟਰਾਲੀਆਂ, ਜੀਪਾਂ ਤੇ ਕਾਰਾਂ 'ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਸ਼ੁਰੂ ਹੋ ਗਏ ਹਨ। ਸਰਕਾਰੀ ਅਧਿਕਾਰੀਆਂ ਵੱਲੋਂ ਬਾਰਡਰ ਇਲਾਕੇ ਵਿੱਚ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਜਗ੍ਹਾ 'ਤੇ ਜਾਣ ਦੇ ਆਦੇਸ਼ ਦਿੱਤੇ ਜਾ ਰਹੇ ਹਨ।


ਕੌਮਾਂਤਰੀ ਸਰਹੱਦ ਹੂਸੈਨੀਵਾਲਾ ਨੇੜੇ ਵੱਸਦੇ ਦਰਜਨਾਂ ਪਿੰਡਾਂ ਦੇ ਲੋਕ ਆਪਣੇ ਘਰ ਛੱਡ ਰਿਸ਼ਤੇਦਾਰੀਆਂ ਵਿੱਚ ਜਾ ਰਹੇ ਹਨ। ਘਰ ਛੱਡਣ ਵਾਲੇ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਰਹਿਣ ਦੇ ਪ੍ਰਬੰਧ ਕੀਤੇ ਗਏ ਹਨ। ਘਰ ਛੱਡ ਰਿਸ਼ਤੇਦਾਰੀ ਵਿੱਚ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਹਦਾਇਤ `ਤੇ ਆਪਣੇ ਘਰ ਛੱਡ ਰਹੇ ਹਨ, ਪਰ ਲਗਾਤਾਰ ਸਰਹੱਦ `ਤੇ ਵਧ ਰਹੀ ਫੌਜ ਦੀ ਗਿਣਤੀ ਤੇ ਚੱਪੇ-ਚੱਪੇ `ਤੇ ਤਾਇਨਾਤ ਜਵਾਨਾਂ ਨੂੰ ਦੇਖਦਿਆਂ ਉਹ ਆਪਣੇ ਪਰਿਵਾਰ ਦੀ ਹਿਫਾਜ਼ਤ ਲਈ ਇਹ ਕਦਮ ਉਠਾ ਰਹੇ ਹਨ।

ਉਧਰ, ਸਰਕਾਰ ਵੱਲੋਂ ਲੋਕਾਂ ਦੇ ਰਹਿਣ ਲਈ ਪ੍ਰਬੰਧ ਕਰਨ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਤੇ ਹੋਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਕੇ ਆਪਣੇ ਹੈੱਡ ਕੁਆਰਟਰਾਂ `ਤੇ ਤਲਬ ਕਰ ਲਿਆ ਹੈ। ਬਾਰਡਰ ਪੱਟੀ `ਤੇ ਵੱਸਦੇ ਲੋਕਾਂ ਤੋਂ ਪਿੰਡ ਖਾਲੀ ਕਰਵਾਉਣ ਦੀ ਪੁਸ਼ਟੀ ਕਰਦਿਆਂ ਐਸ.ਡੀ.ਐਮ. ਹਰਜੀਤ ਸਿੰਘ ਨੇ ਸਪਸ਼ਟ ਕੀਤਾ ਕਿ ਤਣਾਅ ਨੂੰ ਦੇਖਦਿਆਂ ਆਮ ਲੋਕਾਂ ਦੀ ਹਿਫਾਜ਼ਤ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਜਾ ਰਹੇ ਹਨ।