Punjab Budget 2023: ਪੰਜਾਬ ਸਰਕਾਰ ਵੱਲੋਂ ਅੱਜ ਸਾਲ 2023-24 ਦਾ ਬਜਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਭਗਵੰਤ ਮਾਨ ਸਰਕਾਰ ਦਾ ਇਹ ਦੂਜਾ ਬਜਟ ਹੈ। ਇਸ ਬਜਟ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਅਹਿਮੀਅਤ ਦਿੱਤੀ ਜਾਵੇਗੀ। ਬਜਟ ਵਿੱਚ ਸਿੱਖਿਆ ਲਈ 12 ਤੋਂ 15% ਦਾ ਵਾਧਾ ਕੀਤਾ ਜਾ ਰਿਹਾ ਹੈ ਤੇ ਸਿਹਤ ਲਈ ਫੰਡ ਵੀ 10% ਤੋਂ ਵੱਧ ਵਧਣਾ ਤੈਅ ਹੈ। ਇੱਕ ਸਾਲ ਦੌਰਾਨ ਹੀ ਕਈ ਵਿਵਾਦਾਂ ਵਿੱਚ ਘਿਰੀ ਆਮ ਆਦਮੀ ਪਾਰਟੀ ਦੀ ਸਾਖ ਨੂੰ ਸੁਧਾਰਨ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਪੰਜਾਬ ਨੂੰ ਕਈ ਤੋਹਫੇ ਦੇ ਸਕਦੇ ਹਨ। 


ਕੀ ਹਨ ਬਜਟ ਤੋਂ ਉਮੀਦਾਂ


ਦੱਸ ਦਈਏ ਕਿ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਾਇਆ ਗਿਆ ਸੀ, ਜੋ ਸਾਲ 2021-22 ਦੇ ਮੁਕਾਬਲੇ 14% ਵੱਧ ਸੀ ਪਰ ਇਸ ਵਾਰ ਵਿੱਤ ਮੰਤਰੀ ਵੱਧ ਬਜਟ ਖਰਚ ਤੇ ਚੋਣ ਪ੍ਰਚਾਰ ਸਮੇਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰ ਸਕਦੇ ਹਨ। ਸੂਤਰਾਂ ਮੁਤਾਬਕ ਇਸ ਸਾਲ ਵੀ ਔਰਤਾਂ ਨੂੰ 1000 ਰੁਪਏ ਮਾਸਿਕ ਮਾਣ ਭੱਤਾ ਦੇਣ ਦੀ ਤਜਵੀਜ਼ ਨੂੰ ਬਜਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਕਰਕੇ ਭਗਵੰਤ ਮਾਨ ਸਰਕਾਰ ਦੀ ਅਲੋਚਨਾ ਹੋਏਗੀ। ਉਂਝ ਇਹ ਵੀ ਸੰਭਵ ਹੈ ਕਿ ਸਰਕਾਰ ਕੰਮਕਾਜੀ ਔਰਤਾਂ ਨੂੰ ਪ੍ਰੋਫੈਸ਼ਨਲ ਟੈਕਸ ਤੋਂ ਛੋਟ ਦੇ ਸਕਦੀ ਹੈ। 


ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਸੰਕੇਤ ਦਿੱਤਾ ਹੈ। ਸੂਤਰਾਂ ਮੁਤਾਬਕ ਨਵੇਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਸਿਹਤ ਖੇਤਰ ਵਿੱਚ ਵੱਡੇ ਜ਼ਿਲ੍ਹਿਆਂ ਵਿੱਚ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਖੋਲ੍ਹਣ ਲਈ ਵੱਖਰਾ ਫੰਡ ਰੱਖਿਆ ਜਾ ਸਕਦਾ ਹੈ। ਉਦਯੋਗ ਲਈ ਕਈ ਘੋਸ਼ਣਾਵਾਂ ਕੀਤੀਆਂ ਜਾ ਸਕਦੀਆਂ ਹਨ। 


ਇਸ ਵਾਰ ਬਜਟ 'ਚ ਪੁਲਿਸ ਦੇ ਆਧੁਨਿਕੀਕਰਨ 'ਤੇ ਫੰਡ 8 ਤੋਂ 10 ਫੀਸਦੀ ਤੱਕ ਵਧ ਸਕਦਾ ਹੈ। ਨਵੇਂ ਥਾਣਿਆਂ, ਨਵੀਆਂ ਗੱਡੀਆਂ ਤੇ ਨਵੇਂ ਹਥਿਆਰਾਂ ਦੇ ਨਾਲ-ਨਾਲ ਪੁਲਿਸ ਲਾਈਨਜ਼ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਨਵੇਂ ਮਕਾਨ ਬਣਾਉਣ ਦੀ ਤਜਵੀਜ਼ ਵੀ ਸ਼ਾਮਲ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਖੇਤੀ ਖੇਤਰ ਲਈ ਅਹਿਮ ਐਲਾਨ ਕਰ ਸਕਦੀ ਹੈ। ਇੰਡਸਟਰੀ ਲਈ ਵੀ ਪੰਜਾਬ ਸਰਕਾਰ ਅਹਿਮ ਐਲਾਨ ਕਰ ਸਕਦੀ ਹੈ।