ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਇਜਲਾਸ ਦੇ ਦੂਜੇ ਦਿਨ ਬੁੱਧਵਾਰ ਨੂੰ ਅਕਾਲੀ ਦਲ ਦੇ ਵਿਧਾਇਕਾਂ ਨੇ ਪਟਿਆਲਾ ਵਿੱਚ ਵਿਰੋਧ ਕਰਨ ਵਾਲੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੇ ਮੁੱਦੇ ’ਤੇ ਵਾਕਆਊਟ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਇਹੀ ਮੁੱਦਾ ਚੁੱਕਿਆ।
ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਇਸ ਮੁੱਦੇ ’ਤੇ ਘੇਰਨ ਦੀ ਚੇਤਾਵਨੀ ਦਿੱਤੀ। ਹਾਲਾਂਕਿ ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਲਿਆਉਣ ਦੀ ਵੀ ਗੱਲ ਕੀਤੀ। ਅਕਾਲੀਆਂ ਨੇ ਲੁਧਿਆਣਾ ਗੈਂਗਰੇਪ ਮਾਮਲੇ ਸਬੰਧੀ ਵੀ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਲਾਏ।
ਅਕਾਲੀ ਵਿਧਾਇਕਾਂ ਨੇ ਸਦਨ ਦੌਰਾਨ ਸਪੀਕਰ ਸਾਹਮਣੇ ਸਰਕਾਰ ਦਾ ਵਿਰੋਧ ਕੀਤਾ। ਵਾਕਆਊਟ ਤੋਂ ਪਹਿਲਾਂ ਉਨ੍ਹਾਂ ਅਧਿਆਪਕਾਂ 'ਤੇ ਲਾਠੀਚਾਰਜ ਲਈ ਸਰਕਾਰ ਵਿਰੋਧੀ ਨਾਅਰੇ ਵੀ ਲਾਏ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਪਾਰਟੀ ਸਕੂਲੀ ਅਧਿਆਪਕਾਂ ਮੁੱਦੇ 'ਤੇ ਨਿੰਦਾ ਪ੍ਰਸਤਾਵ ਲਿਆਏਗੀ।
ਇਸ ਦੇ ਜਵਾਬ ’ਚ ਕਾਂਗਰਸ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅਕਾਲੀ ਦਲ ਦੇ ਦਸ ਸਾਲਾਂ ਦੇ ਕਾਰਜਕਾਲ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਹਾਲਾਤ ਲਈ ਅਕਾਲੀ ਦਲ ਸਰਕਾਰ ਜ਼ਿੰਮੇਵਾਰ ਹੈ।
ਵਿਧਾਇਕ ਗੋਲਡੀ ਨੇ ਕਿਹਾ ਕਿ ਦਸ ਸਾਲ ਅਕਾਲੀ ਸਰਕਾਰ ਨੇ ਡਰਾਮੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਕੀਤਾ। ਕੋਈ ਵੀ ਮਤਾ ਲਿਆਉਣ ਤੋਂ ਪਹਿਲਾਂ ਅਕਾਲੀ ਦਲ ਆਪਣੇ ਪੱਲੇ ਵੱਲ ਝਾਤੀ ਮਾਰੇ।