Bus Strike in Punjab: ਹਿੱਟ ਐਂਡ ਰਨ ਐਕਟ 2023 ਦੇ ਖਿਲਾਫ਼ ਦੇਸ਼ ਵਿੱਚ ਟਰਾਂਸਪੋਰਟਰ ਹੜਤਾਲ 'ਤੇ ਹਨ। ਇਹਨਾਂ ਟਰੱਕ ਡਰਾਈਵਰਾਂ ਦਾ ਸਾਥ ਦੇਣ ਦੇ ਲਈ ਬੀਤੇ ਦਿਨ ਹੀ ਪ੍ਰਾਈਵੇਟ ਬੱਸਾਂ, ਆਟੋ ਵਾਲੇ ਵੀ ਆ ਗਏ ਸਨ। ਹੁਣ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਟਰੱਕ ਡਰਾਈਵਰ ਵੀਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। 


ਅੱਜ ਪੰਜਾਬ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਸਰਕਾਰੀ ਬੱਸਾਂ ਦਾ 2 ਘੰਟੇ ਦੇ ਲਈ ਚੱਕਾ ਜਾਮ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਠੇਕੇ ਦੇ ਕਾਮੇ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਉਤਰ ਆਏ ਹਨ। 


ਅੱਜ ਬੁੱਧਵਾਰ ਨੂੰ ਪਨਬੱਸ ਅਤੇ ਪੀਆਰਟੀਸੀ ਦੀਆਂ 3300 ਬੱਸਾਂ ਦੇ ਪਹੀਏ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੁਕਣਗੇ। ਇਸ ਦੌਰਾਨ ਮੁਲਾਜ਼ਮ ਬੱਸਾਂ ਖੜ੍ਹੀਆਂ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਹਾਲਾਂਕਿ ਸਰਕਾਰ ਦੇ ਬੱਸ ਡਿਪੂ ਵਿੱਚ 3-4 ਦਿਨ ਦਾ ਤੇਲ ਬਚਿਆ ਹੈ। ਜੇ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਧਰਨਾ ਦੇਣਗੇ। ਇਸ ਵਿੱਚ ਪਨਬੱਸ ਦੀਆਂ 1900 ਬੱਸਾਂ ਅਤੇ ਪੀਆਰਟੀਸੀ ਦੀਆਂ 1400 ਬੱਸਾਂ ਦੇ ਮੁਲਾਜ਼ਮ ਸ਼ਾਮਲ ਹੋਣਗੇ।


ਇਸ ਦੌਰਾਨ ਕੋਈ ਵੀ ਬੱਸ ਆਪਣੇ ਰੂਟ 'ਤੇ ਨਹੀਂ ਚੱਲੇਗੀ। ਯੂਨੀਅਨ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਾਂ। ਪਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ਕਿਉਂਕਿ ਕੇਂਦਰ ਸਰਕਾਰ ਦਾ ਕਾਨੂੰਨ ਡਰਾਈਵਰਾਂ ਦੇ ਖਿਲਾਫ ਹੈ।


 


ਪੰਜਾਬ ਭਰ ਵਿੱਚ 27 ਸਰਕਾਰੀ ਡਿਪੂ


ਪਤਾ ਲੱਗਾ ਹੈ ਕਿ ਪਨਬਸ ਅਤੇ ਪੰਜਾਬ ਪੀ.ਆਰ.ਟੀ.ਸੀ ਦੇ ਪੂਰੇ ਸੂਬੇ ਵਿੱਚ ਕੁੱਲ 27 ਡਿਪੂ ਹਨ। ਇਨ੍ਹਾਂ ਵਿੱਚੋਂ ਪਨਬੱਸ ਦੇ 19 ਅਤੇ ਪੀਆਰਟੀਸੀ ਦੇ 8 ਡਿਪੂ ਹਨ। ਸਾਰੇ ਡਿਪੂਆਂ ਵਿੱਚ ਅਜੇ 4 ਤੋਂ 7 ਦਿਨ ਦਾ ਤੇਲ ਬਾਕੀ ਹੈ। ਅਜਿਹੇ 'ਚ ਅਜੇ ਤੇਲ ਦੀ ਕੋਈ ਕਮੀ ਨਹੀਂ ਹੈ। ਪਰ ਜੇਕਰ ਇਹ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।