Punjab Cabinet Meeting Today: ਪੰਜਾਬ ਸਰਕਾਰ ਦੀ ਅੱਜ ਯਾਨੀਕਿ 22 ਜੁਲਾਈ ਨੂੰ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਸਵੇਰੇ 10:30 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ। ਸੂਤਰਾਂ ਅਨੁਸਾਰ, ਇਸ ਦੌਰਾਨ "ਲੈਂਡ ਪੂਲਿੰਗ" ਮੁੱਦਾ ਸਭ ਤੋਂ ਮਹੱਤਵਪੂਰਣ ਰਹੇਗਾ। ਸਰਕਾਰ ਇਸ ਸਕੀਮ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਨਾਲ ਹੀ ਕਿਸਾਨਾਂ ਨੂੰ ਹੋਰ ਰਾਹਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। CM ਭਗਵੰਤ ਮਾਨ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵੀ ਕਰਨਗੇ।
ਸਰਕਾਰ ਨੇ ਸਕੀਮ ਬਾਰੇ ਲਿਆ ਫੀਡਬੈਕ
ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਸਕੀਮ ਨੂੰ ਲੈ ਕੇ ਗੰਭੀਰ ਹੈ। ਚੰਡੀਗੜ੍ਹ 'ਚ ਰਾਜ ਦੇ ਕਈ ਪੰਚਾਂ ਅਤੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਸਕੀਮ ਸੰਬੰਧੀ ਫੀਡਬੈਕ ਵੀ ਲਿਆ ਗਿਆ ਹੈ। ਇਸ ਤੋਂ ਬਾਅਦ ਸਕੀਮ 'ਚ ਕੁਝ ਬਦਲਾਅ ਕੀਤੇ ਗਏ ਹਨ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਹੁਣ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਲਿਆ ਹੈ। ਕਾਂਗਰਸ ਅਤੇ ਅਕਾਲੀ ਦਲ ਵੱਲੋਂ ਇਸ ਮੁੱਦੇ 'ਤੇ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ ਹਨ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਲੈਂਡ ਪੂਲਿੰਗ ਨੀਤੀ ਬਾਰੇ ਸਪਸ਼ਟੀਕਰਨ ਦੇਣਾ ਪਿਆ ਹੈ। ਇਸਨੂੰ ਸੰਕਟ ਪ੍ਰਬੰਧਨ ਨਾਲ ਜੋੜਿਆ ਜਾ ਰਿਹਾ ਹੈ। ਅਜਿਹੇ 'ਚ ਸਰਕਾਰ ਨਹੀਂ ਚਾਹੁੰਦੀ ਕਿ ਇਸ ਮੁੱਦੇ 'ਤੇ ਹੋਰ ਪਾਰਟੀਆਂ ਰਾਜਨੀਤੀ ਕਰਨ।
21 ਦਿਨਾਂ 'ਚ ਜਾਰੀ ਹੋਵੇਗਾ ਲੈਟਰ ਆਫ਼ ਇੰਟੈਂਟ
ਹਾਲਾਂਕਿ ਇਸ ਤੋਂ ਪਹਿਲਾਂ ਦਿਨ 'ਚ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਕਿਸਾਨਾਂ ਦੀ ਸਹਿਮਤੀ ਮਿਲਣ ਤੋਂ 21 ਦਿਨਾਂ ਦੇ ਅੰਦਰ ਉਨ੍ਹਾਂ ਨੂੰ "ਲੈਟਰ ਆਫ਼ ਇੰਟੈਂਟ" (Letter of Intent) ਜਾਰੀ ਕਰ ਦਿੱਤਾ ਜਾਵੇਗਾ। ਨਾਲ ਹੀ, ਜਦ ਤੱਕ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦੇ, ਕਿਸਾਨਾਂ ਨੂੰ ਪ੍ਰਤੀ ਏਕੜ ਸਾਲਾਨਾ ₹50,000 ਦੀ ਅਗਾਊਂ ਰਕਮ (ਐਡਵਾਂਸ ਭੁਗਤਾਨ) ਦਿੱਤੀ ਜਾਵੇਗੀ।
ਇਸ ਦੇ ਨਾਲ ਹੀ, ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਇਸ ਰਕਮ ਨੂੰ ਵਧਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਦ ਤੱਕ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦੇ, ਕਿਸਾਨ ਆਪਣੀ ਜ਼ਮੀਨ 'ਤੇ ਖੇਤੀ ਕਰ ਸਕਣਗੇ ਅਤੇ ਉਸ ਤੋਂ ਆਉਣ ਵਾਲਾ ਪੂਰਾ ਲਾਭ ਵੀ ਉਨ੍ਹਾਂ ਦਾ ਹੀ ਹੋਵੇਗਾ।