ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 1190 ਪਟਵਾਰੀਆਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਪੰਜਾਬ ਵਾਟਰ ਅਥਾਰਟੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੈਬਨਿਟ ਨੇ ਸੱਤ ਪਟਵਾਰ ਸਰਕਲਾਂ 'ਤੇ ਇੱਕ ਕਾਨੂੰਗੋ ਦੀ ਪੋਸਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪਹਿਲਾਂ 10 ਪਟਵਾਰ ਸਰਕਲਾਂ 'ਤੇ ਇੱਕ ਕਾਨੂੰਗੋ ਸੀ। ਇਸ ਲਈ ਸਰਕਾਰ ਕਾਨੂੰਗੋ ਦੀਆਂ 34 ਨਵੀਆਂ ਪੋਸਟਾਂ ਕਾਇਮ ਕਰੇਗੀ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੈਬਨਿਟ ਵਿੱਚ ਚਾਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਭਰਤੀ ਤੋਂ ਇਲਾਵਾ ਪੰਜਾਬ ਵਾਟਰ ਅਥਾਰਟੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਥਾਰਟੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਉੱਪਰ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਅਥਾਰਟੀ ਕਿਸਾਨਾਂ ਤੋਂ ਇਲਾਵਾ ਜਿਹੜਾ ਵੀ ਪਾਣੀ ਦੀ ਵਪਾਰਕ ਵਰਤੋਂ ਕਰਦਾ ਹੈ, ਉਸ ਨੂੰ ਭੁਗਤਾਨ ਕਰਨਾ ਪਏਗਾ।

ਉਨ੍ਹਾਂ ਕਿਹਾ ਕਿ ਜੀਐਸਟੀ ਦੇ ਬਕਾਏ ਬਾਰੇ ਕੇਂਦਰੀ ਵਿੱਤ ਮੰਤਰੀ ਨਾਲ ਗੱਲਬਾਤ ਕੀਤੀ ਹੈ। ਕੇਂਦਰ ਕੋਲ ਪੰਜਾਬ ਦਾ ਕਾਫੀ ਬਕਾਇਆ ਹੈ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਬਕਾਇਆ ਜਾਰੀ ਕੀਤਾ ਜਾਵੇ।