ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ਉੱਪਰ ਹਥਿਆਰ ਜਮ੍ਹਾਂ ਕਰਵਾ ਲਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐਸ ਕਰੁਣਾ ਰਾਜੂ ਨੇ ਦਾਅਵਾ ਕੀਤਾ ਹੈ ਕਿ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ’ਚ ਲੋਕਾਂ ਵੱਲੋਂ 3,76,542 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੂਬੇ ਦੇ ਕੁੱਲ 3,90,275 ਲਾਇਸੈਂਸੀ ਹਥਿਆਰਾਂ ਦਾ 97.43 ਫੀਸਦੀ ਬਣਦਾ ਹੈ, ਜਦਕਿ ਸੂਬੇ ਵਿੱਚ 72 ਨਾਜਾਇਜ਼ ਹਥਿਆਰ ਵੀ ਜ਼ਬਤ ਕੀਤੇ ਗਏ ਹਨ।


ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਰਾਸ਼ਟਰੀ/ਪ੍ਰਾਈਵੇਟ ਬੈਂਕਾਂ ’ਚ ਤਾਇਨਾਤ ਸੁਰੱਖਿਆ ਕਰਮੀਆਂ ਸਮੇਤ ਨਿੱਜੀ ਸੁਰੱਖਿਆ ਲਈ ਲਾਇਸੈਂਸਸ਼ੁਦਾ ਹਥਿਆਰ ਰੱਖਣ ਵਾਲੇ ਕੁਝ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੀ ਵਾਜ਼ਬ ਛੋਟ ਲੈਣ ਜਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨੀ ਹੋਵੇਗੀ।


ਡਾ. ਰਾਜੂ ਮੁਤਾਬਕ ਵੱਖ-ਵੱਖ ਐਨਫੋਰਸਮੈਂਟ ਟੀਮਾਂ ਨੇ 1 ਫਰਵਰੀ ਤੱਕ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 313.44 ਕਰੋੜ ਰੁਪਏ ਮੁੱਲ ਦਾ ਸਾਮਾਨ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਿਗਰਾਨ ਟੀਮਾਂ ਨੇ 28.91 ਲੱਖ ਲੀਟਰ ਸ਼ਰਾਬ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 15.49 ਕਰੋੜ ਰੁਪਏ ਬਣਦੀ ਹੈ।


ਇਸੇ ਤਰ੍ਹਾਂ ਐਨਫੋਰਸਮੈਂਟ ਵਿੰਗਾਂ ਨੇ 276.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 20 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ’ਚ 1,209 ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2,906 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1,990 ਜਣਿਆਂ ਖ਼ਿਲਾਫ਼ ਕਾਰਵਾਈ ਵਿੱਢੀ ਜਾ ਚੁੱਕੀ ਹੈ।



ਇਹ ਵੀ ਪੜ੍ਹੋ: Google-Airtel Deal: ਏਅਰਟੈੱਲ-ਗੂਗਲ ਦੀ ਡੀਲ ਦੇਵੇਗੀ ਡਿਜੀਟਲ ਇੰਡੀਆ ਨੂੰ ਉਡਾਣ, ਫੀਚਰ ਫੋਨ ਯੂਜ਼ਰਸ ਨੂੰ ਮਿਲਣਗੇ ਸਸਤੇ ਸਮਾਰਟਫੋਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904