Punjab News: ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ਦੀ ਕਰਜ਼ਾ ਸੀਮਾ ਤਕਰੀਬਨ ਖ਼ਤਮ ਕਰ ਲਈ ਹੈ। ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਕਰਜ਼ਾ ਸੀਮਾ ’ਚੋਂ ਪੰਜਾਬ ਨੇ 99.94 ਫ਼ੀਸਦ ਕਰਜ਼ਾ ਸੀਮਾ ਮੁਕਾ ਲਈ ਹੈ। ਹਾਲਾਂਕਿ ਪੂਰਾ ਮਾਰਚ ਮਹੀਨਾ ਹਾਲੇ ਬਾਕੀ ਪਿਆ ਹੈ। ਪੰਜਾਬ ਸਰਕਾਰ 28 ਫਰਵਰੀ ਤੱਕ ਖੁੱਲ੍ਹੀ ਮਾਰਕੀਟ ’ਚੋਂ 38,830 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।


ਇਸ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,  ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਰਜ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ, ਪਰ ਅਜੇ ਵੀ ਪੁਰਾਣੀਆਂ ਸਰਕਾਰਾਂ ‘ਤੇ ਦੋਸ਼ ਲਗਾ ਰਹੀ ਹੈ! ਪਰ ਅਸਲੀਅਤ ਇਹ ਹੈ






ਪਰਗਟ ਸਿੰਘ ਨੇ ਕਿਹਾ ਕਿ  ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ 37 ਸਾਲਾਂ ‘ਚ 3 ਲੱਖ ਕਰੋੜ ਕਰਜ਼ਾ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ 3 ਸਾਲਾਂ ‘ਚ 1 ਲੱਖ ਕਰੋੜ ਦਾ ਕਰਜ਼ਾ ਵਧਾ ਦਿੱਤਾ! ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਸਲ ਗੁਨਾਹਗਾਰ ਕੌਣ? ਪੰਜਾਬੀਆਂ ਨੂੰ ਜਵਾਬ ਦੇਵੋ!



ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ 28 ਫਰਵਰੀ ਤੱਕ ਖੁੱਲ੍ਹੀ ਮਾਰਕੀਟ ’ਚੋਂ 38,830 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ, ਜਦਕਿ ਇਸ ਵਿੱਤੀ ਵਰ੍ਹੇ ਦੀ ਪ੍ਰਵਾਨਿਤ ਕਰਜ਼ਾ ਸੀਮਾ 38,852 ਕਰੋੜ ਰੁਪਏ ਸੀ। ਸੂਬਾ ਸਰਕਾਰ ਮਾਰਚ ਮਹੀਨੇ ’ਚ ਹੁਣ ਸਿਰਫ਼ 22 ਕਰੋੜ ਰੁਪਏ ਦਾ ਕਰਜ਼ਾ ਹੀ ਚੁੱਕ ਸਕੇਗੀ।


ਹਰਪਾਲ ਸਿੰਘ ਚੀਮਾ ਨੇ ਕੀ ਕਿਹਾ ?


ਇਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਾਲੋਂ ਕਰਜ਼ਾ ਸੀਮਾ ਘਟਾਈ ਹੈ ਅਤੇ ਇਸ ਕਰਜ਼ਾ ਸੀਮਾ ਨੂੰ ਅੱਗੋਂ ਵੀ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਰਚੇ ਘਟਾਏ ਹਨ ਅਤੇ ਮਾਲੀਆ ਵਧਾਇਆ ਹੈ।