Punjab News: ਪੰਜਾਬ ਸਰਕਾਰ ਨੇ ਕਿਸਾਨਾਂ ਤੋਂ 124 ਲੱਖ ਟਨ ਕਣਕ ਘੱਟੋ-ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦਣ ਦਾ ਟੀਚਾ ਮਿਥਿਆ ਹੈ। ਇਸ ਵਾਸਤੇ 1864 ਨਿਯਮਤ ਖਰੀਦ ਕੇਂਦਰ ਖੋਲ੍ਹੇ ਗਏ ਹਨ। ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਹਨ ਕਿ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਅਗਾਊਂ ਕਰ ਲਏ ਜਾਣ ਤਾਂ ਜੋ ਸੀਜ਼ਨ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ। ਉਧਰ, ਕੇਂਦਰੀ ਖੇਤੀ ਮਹਿਕਮੇ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦੇਸ਼ ਭਰ ਵਿੱਚ ਕਣਕ ਦਾ ਚੰਗਾ ਉਤਪਾਦਨ ਰਹਿਣ ਦੀ ਸੰਭਾਵਨਾ ਹੈ।
ਦਰਅਸਲ ਪੰਜਾਬ ਸਰਕਾਰ ਨੇ ਆਗਾਮੀ ਸੀਜ਼ਨ ਵਿੱਚ ਕਣਕ ਦੀ ਖ਼ਰੀਦ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਭਵਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ 124 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਕਣਕ ਦੀ ਖਰੀਦ ਵਾਸਤੇ 1864 ਨਿਯਮਤ ਖਰੀਦ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਕਣਕ ਦੀ ਖਰੀਦ 2425 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਜਾਵੇਗੀ।
ਕਟਾਰੂਚੱਕ ਨੇ ਆਗਾਮੀ ਹਾੜ੍ਹੀ ਮੰਡੀਕਰਨ ਸੀਜ਼ਨ ਲਈ ਲੋੜੀਂਦੀ ਸਟੋਰੇਜ ਤਿਆਰ ਕਰਨ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਸਾਉਣੀ ਦੇ ਪਿਛਲੇ ਸੀਜ਼ਨ ਨਾਲ ਸਬੰਧਤ ਚੌਲਾਂ ਦੀ ਮਿਲਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਸੁਚੱਜੀ ਸਟੋਰੇਜ ਲਈ ਢੁੱਕਵੀਆਂ ਬਦਲਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕੈਬਨਿਟ ਮੰਤਰੀ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਦੇ ਸਬੰਧ ਵਿੱਚ ਈ-ਕੇਵਾਈਸੀ ਪ੍ਰਕਿਰਿਆ ਨੂੰ ਇਸ ਸਾਲ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਹਰੇਕ ਯੋਗ ਲਾਭਪਾਤਰੀ ਨੂੰ ਸਬਸਿਡੀ ਵਾਲੇ ਅਨਾਜ ਦਾ ਲਾਭ ਦਿੱਤਾ ਜਾ ਸਕੇ।
ਇਸ ਵਾਰ ਰਿਕਾਰਡ ਉਤਪਾਦਨ ਦੀ ਉਮੀਦ
ਉਧਰ, ਭਾਰਤ ਅੰਦਰ 2024-25 ਦੇ ਸਾਉਣੀ ਸੀਜ਼ਨ ਵਿੱਚ ਰਿਕਾਰਡ ਚੌਲ, ਕਣਕ ਤੇ ਮੱਕੀ ਦੇ ਉਤਪਾਦਨ ਦਾ ਅਨੁਮਾਨ ਹੈ। ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਪ੍ਰਮੁੱਖ ਖੇਤੀਬਾੜੀ ਫਸਲਾਂ ਦੇ ਉਤਪਾਦਨ ਦੇ ਦੂਜੇ ਅਗਾਊਂ ਅਨੁਮਾਨਾਂ ਵਿੱਚ ਦਿੱਤੀ ਗਈ ਹੈ। ਖੇਤੀ ਮਹਿਕਮੇ ਦੇ ਅਨੁਮਾਨਾਂ ਅਨੁਸਾਰ 2024-25 ਵਿੱਚ ਭਾਰਤ ਅੰਦਰ ਸਾਉਣੀ ਸੀਜਨ ਵਿੱਚ ਅਨਾਜ ਦਾ ਉਤਪਾਦਨ 1,663.91 ਲੱਖ ਟਨ ਤੇ ਹਾੜੀ ਸੀਜਨ ਵਿੱਚ ਅਨਾਜ (ਗਰਮੀਆਂ ਦੀਆਂ ਫਸਲਾਂ ਨੂੰ ਛੱਡ ਕੇ) 1,645.27 ਲੱਖ ਟਨ ਰਹਿ ਸਕਦਾ ਹੈ।
ਇਸ ਸਮੇਂ ਦੌਰਾਨ ਸਾਉਣੀ ਵਿੱਚ ਚੌਲਾਂ ਦਾ ਉਤਪਾਦਨ 1,206.79 ਲੱਖ ਟਨ ਤੇ ਹਾੜੀ ਵਿੱਚ ਚੌਲਾਂ ਦਾ ਉਤਪਾਦਨ (ਗਰਮੀਆਂ ਨੂੰ ਛੱਡ ਕੇ) 157.58 ਲੱਖ ਟਨ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਦੇ ਅਨੁਮਾਨਾਂ ਅਨੁਸਾਰ ਕਣਕ ਦਾ ਉਤਪਾਦਨ 1,154.30 ਲੱਖ ਟਨ ਹੋ ਸਕਦਾ ਹੈ, ਜਦੋਂਕਿ ਸਾਉਣੀ ਵਿੱਚ ਮੱਕੀ ਦੀ ਪੈਦਾਵਾਰ 248.11 ਲੱਖ ਟਨ ਤੇ ਹਾੜੀ ਵਿੱਚ ਮੱਕੀ ਦੀ ਪੈਦਾਵਾਰ (ਗਰਮੀਆਂ ਨੂੰ ਛੱਡ ਕੇ) 124.38 ਲੱਖ ਟਨ ਰਹਿ ਸਕਦੀ ਹੈ।
ਰਿਪੋਰਟ ਮੁਤਾਬਕ 2023-24 ਵਿੱਚ 1,132.59 ਲੱਖ ਟਨ ਦੇ ਮੁਕਾਬਲੇ 2024-25 ਵਿੱਚ ਸਾਉਣੀ ਸੀਜਨ ਵਿੱਚ ਚੌਲਾਂ ਦਾ ਉਤਪਾਦਨ 1,206.79 ਲੱਖ ਟਨ ਹੋਣ ਦਾ ਅਨੁਮਾਨ ਹੈ। ਇਸ ਵਿੱਚ 74.20 ਲੱਖ ਟਨ ਦਾ ਵਾਧਾ ਹੋ ਸਕਦਾ ਹੈ। ਹਾੜੀ ਸਜਨ ਦੌਰਾਨ ਚੌਲਾਂ ਦਾ ਉਤਪਾਦਨ 157.58 ਲੱਖ ਟਨ ਹੋਣ ਦਾ ਅਨੁਮਾਨ ਹੈ। ਕਣਕ ਦਾ ਉਤਪਾਦਨ 1154.30 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ 1,132.92 ਲੱਖ ਟਨ ਉਤਪਾਦਨ ਨਾਲੋਂ 21.38 ਲੱਖ ਟਨ ਵੱਧ ਹੈ।
ਅਨੁਮਾਨਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਾਜਰੇ (ਸਾਉਣੀ) ਦਾ ਉਤਪਾਦਨ 137.52 ਲੱਖ ਟਨ ਤੇ ਬਾਜਰੇ (ਹਾੜੀ) ਦਾ ਉਤਪਾਦਨ 30.81 ਲੱਖ ਟਨ ਹੋ ਸਕਦਾ ਹੈ। ਇਸ ਤੋਂ ਇਲਾਵਾ ਮੋਟੇ ਅਨਾਜ (ਖਰੀਫ਼) ਦਾ ਉਤਪਾਦਨ 385.63 ਲੱਖ ਟਨ ਤੇ ਮੋਟੇ ਅਨਾਜ (ਰੱਬੀ) ਦਾ ਉਤਪਾਦਨ 174.65 ਲੱਖ ਟਨ ਹੋਣ ਦਾ ਅਨੁਮਾਨ ਹੈ। ਅਰਹਰ ਤੇ ਛੋਲਿਆਂ ਦਾ ਉਤਪਾਦਨ ਕ੍ਰਮਵਾਰ 35.11 ਲੱਖ ਟਨ ਤੇ 115.35 ਲੱਖ ਟਨ ਹੋ ਸਕਦਾ ਹੈ।
ਦਾਲਾਂ ਦਾ ਉਤਪਾਦਨ 18.17 ਲੱਖ ਟਨ ਹੋਣ ਦਾ ਅਨੁਮਾਨ ਹੈ। ਸਾਉਣੀ ਤੇ ਹਾੜੀ ਸੀਜਨ ਵਿੱਚ ਮੂੰਗਫਲੀ ਦਾ ਉਤਪਾਦਨ ਕ੍ਰਮਵਾਰ 104.26 ਲੱਖ ਟਨ ਤੇ 8.87 ਲੱਖ ਟਨ ਹੋਣ ਦਾ ਅਨੁਮਾਨ ਹੈ। ਸਾਉਣੀ ਵਿੱਚ ਮੂੰਗਫਲੀ ਦਾ ਉਤਪਾਦਨ ਪਿਛਲੇ ਸਾਲ ਦੇ 86.60 ਲੱਖ ਟਨ ਦੇ ਮੁਕਾਬਲੇ 17.66 ਲੱਖ ਟਨ ਵੱਧ ਹੋਏਗਾ। ਸੋਇਆਬੀਨ ਦਾ ਉਤਪਾਦਨ 151.32 ਲੱਖ ਟਨ ਹੋ ਸਕਦਾ ਹੈ ਜੋ ਪਿਛਲੇ ਸਾਲ ਦੇ 130.62 ਲੱਖ ਟਨ ਉਤਪਾਦਨ ਨਾਲੋਂ 20.70 ਲੱਖ ਟਨ ਵੱਧ ਹੈ। ਰੇਪਸੀਡ ਤੇ ਸਰ੍ਹੋਂ ਦਾ ਉਤਪਾਦਨ 128.73 ਲੱਖ ਟਨ ਹੋ ਸਕਦਾ ਹੈ।
ਸਰਕਾਰੀ ਅਨੁਮਾਨਾਂ ਅਨੁਸਾਰ ਕਪਾਹ ਦਾ ਉਤਪਾਦਨ 294.25 ਲੱਖ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ) ਤੇ ਗੰਨੇ ਦਾ ਉਤਪਾਦਨ 4350.79 ਲੱਖ ਟਨ ਹੋ ਸਕਦਾ ਹੈ। ਇਹ ਅਨੁਮਾਨ ਮੁੱਖ ਤੌਰ 'ਤੇ ਰਾਜਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਭਾਰਤ ਵਿੱਚ ਤਿੰਨ ਫ਼ਸਲੀ ਮੌਸਮ ਹਨ। ਗਰਮੀਆਂ, ਸਾਉਣੀ ਤੇ ਹਾੜੀ। ਜੂਨ-ਜੁਲਾਈ ਦੌਰਾਨ ਬੀਜੀਆਂ ਗਈਆਂ ਤੇ ਮੌਨਸੂਨ ਦੀ ਬਾਰਸ਼ 'ਤੇ ਨਿਰਭਰ ਸਾਉਣੀ ਦੀਆਂ ਫਸਲਾਂ ਦੀ ਕਟਾਈ ਅਕਤੂਬਰ-ਨਵੰਬਰ ਵਿੱਚ ਕੀਤੀ ਜਾਂਦੀ ਹੈ।