Ludhiana: ਲੁਧਿਆਣਾ ਵਿੱਚ 10ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ। ਨਾਲ ਹੀ, ਉਨ੍ਹਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵਿਦਿਆਰਥੀ ਦੀ ਹਾਲਤ ਵਿਗੜਣ 'ਤੇ, ਉਸ ਨੂੰ ਰਾਤ ਦੇਰੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦੀ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਹੈ। ਪੀੜਤ ਵਿਦਿਆਰਥੀ ਗੁਰੂ ਅਰਜੁਨ ਦੇਵ ਨਗਰ ਦਾ ਰਹਿਣ ਵਾਲਾ ਹੈ। ਘਟਨਾ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।



ਧੋਖੇ ਦੇ ਨਾਲ ਬੁਲਿਆ ਬੱਚੇ ਨੂੰ 


ਵਿਦਿਆਰਥੀ ਦੇ ਚਾਚਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂ ਅਰਜੁਨ ਦੇਵ ਨਗਰ, ਗਲੀ ਨੰਬਰ 10 ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਭਤੀਜਾ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਨ੍ਹਾਂ ਦੇ ਭਤੀਜੇ ਨੂੰ ਉਸੇ ਦੇ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੇ ਕਿਸੇ ਗੇਮ ਦੇਣ ਦੇ ਬਹਾਨੇ ਤਾਜਪੁਰ ਰੋਡ, ਮਹੱਲਾ ਵਿਸ਼ਵਕਰਮਾ ਨਗਰ, ਗਲੀ ਨੰਬਰ 1 ਵਿੱਚ ਬੁਲਾਇਆ।


ਫੇਕ ਇੰਸਟਾਗ੍ਰਾਮ ਆਈਡੀ ਤੋਂ ਕਮੈਂਟ ਕਰਨ ਨੂੰ ਲੈ ਕੇ ਪਿਆ ਕਲੇਸ਼ 


ਉਹਨਾਂ ਦਾ ਭਤੀਜਾ ਵਿਦਿਆਰਥੀਆਂ ਦੀ ਗੱਲਾਂ 'ਚ ਆ ਕੇ ਉੱਥੇ ਪਹੁੰਚ ਗਿਆ, ਤਾਂ ਤਿੰਨ ਵਿਦਿਆਰਥੀਆਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ। ਰਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ 'ਤੇ ਤਿੰਨੋਂ ਵਿਦਿਆਰਥੀਆਂ ਨੇ ਫੇਕ ਇੰਸਟਾਗ੍ਰਾਮ ਆਈਡੀ ਬਣਾਕੇ 10ਵੀਂ ਜਮਾਤ ਨੂੰ ਗਾਲ੍ਹਾਂ ਦੇਣ ਦੇ ਆਰੋਪ ਲਾਏ ਹਨ, ਪਰ ਉਨ੍ਹਾਂ ਦੇ ਭਤੀਜੇ ਨੇ ਐਹੋ ਜਿਹਾ ਕੁਝ ਨਹੀਂ ਕੀਤਾ ਸੀ।



ਥੱਪੜਾਂ ਅਤੇ ਜੁੱਤਿਆਂ ਨਾਲ ਕੁੱਟਿਆ


ਪੀੜਤ ਵਿਦਿਆਰਥੀ ਨੇ ਕਿਹਾ ਕਿ 10ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ ਉਸ ਨੂੰ ਥੱਪੜਾਂ ਅਤੇ ਜੁੱਤਿਆਂ ਨਾਲ ਕੁੱਟਿਆ। ਕੁੱਟਮਾਰ ਕਰ ਰਹੇ ਨੌਜਵਾਨ ਉਸਨੂੰ ਕਹਿ ਰਹੇ ਸਨ ਕਿ ਉਸ ਨੇ ਫੇਕ ਆਈ.ਡੀ ਬਣਾਕੇ ਇੰਸਟਾਗ੍ਰਾਮ 'ਤੇ ਗਾਲ੍ਹਾਂ ਦਿੱਤੀਆਂ ਹਨ, ਜਦਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ। ਪੀੜਤ ਪਰਿਵਾਰ ਮੁਤਾਬਕ, ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਅੱਜ ਉਹ ਸਕੂਲ ਪ੍ਰਸ਼ਾਸਨ ਨਾਲ ਵੀ ਸੰਪਰਕ ਕਰਕੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।