Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਸੈਕਟਰ-35 ਵਿਖੇ ਨੈਸ਼ਨਲ ਤੇ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 33.85 ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਵਿੱਚ ਸ਼ੂਟਰ ਡਾ. ਸਿਫ਼ਤ ਕੌਰ ਸਮੇਤ ਕਈ ਨਾਮ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਦੇ ਬਰਾਬਰ 40 ਫੀਸਦੀ ਕੋਚਾਂ ਨੂੰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਸਫ਼ਲ ਹੁੰਦਾ ਹੈ, ਉਹ ਉਸ ਖੇਤਰ ਵਿੱਚ ਰੋਲ ਮਾਡਲ ਬਣ ਜਾਂਦਾ ਹੈ ਪਰ ਸਾਡੀ ਸਰਕਾਰ ਨੇ ਹੁਣ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਲਈ 8 ਲੱਖ ਰੁਪਏ ਦਿੱਤੇ ਹਨ, ਜਦੋਂਕਿ ਹੁਣ ਉਹ ਓਲੰਪਿਕ ਲਈ 15 ਲੱਖ ਰੁਪਏ ਦੇ ਰਹੀ ਹੈ। ਸੀਐਮ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੇ 20 ਤਮਗੇ ਜਿੱਤੇ ਤੇ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਕਿ ਜੇਕਰ ਸਾਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ। ਉਸ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਖੇਡਾਂ ਪਸੰਦ ਹਨ। ਉਨ੍ਹਾਂ ਹਾਕੀ ਟੀਮ ਦੀ ਬਹੁਤ ਤਾਰੀਫ਼ ਕੀਤੀ।
ਸੀਐਮ ਮਾਨ ਨੇ ਇਸ ਦੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਤਿੱਖਾ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿੱਚੋਂ ਕੋਈ ਰਾਹੁਲ ਗਾਂਧੀ, ਕੋਈ ਮਜੀਠੀਆ, ਕੋਈ ਹਰਸਿਮਰਤ ਕੌਰ ਦੇ ਕੋਟੇ ਤੋਂ ਬਣੇ ਹਨ, ਪਰ ਮੈਂ ਹੀ ਅਜਿਹਾ ਆਗੂ ਹਾਂ ਜੋ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੇ ਕੋਟੇ ਵਿੱਚੋਂ ਬਣਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੇਤਾ ਅੱਜਕੱਲ੍ਹ ਦਾਅਵਾ ਕਰਦੇ ਹਨ ਕਿ ਉਹ ਪੰਜਾਬ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਪੰਜਾਬ ਨੂੰ ਕਿਸ ਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 20 ਮਹੀਨੇ ਹੀ ਹੋਏ ਹਨ। ਅਜਿਹੇ ਵਿੱਚ ਦੱਸੋ ਪੰਜਾਬ ਨੂੰ ਕਿਸ ਨੇ ਲੁੱਟਿਆ ਹੈ।