Chandigarh News: ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਵਿਰੋਧੀ ਪਾਰਟੀਆਂ ਦਾ ਗਠਜੋੜ ਇੰਡੀਆ ਜਿੱਤੇਗਾ ਤੇ ਇਹ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ‘ਚ 18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ‘ਆਪ’ ਤੇ ਕਾਂਗਰਸ ਦੋਵਾਂ ਨੇ ਸੋਮਵਾਰ ਨੂੰ ਗਠਜੋੜ ਕਰ ​​ਲਿਆ। ਦੋਵੇਂ ਪਾਰਟੀਆਂ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦਾ ਹਿੱਸਾ ਹਨ। 


ਚੱਢਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਚੰਡੀਗੜ੍ਹ ‘ਚ ਹੋਣ ਵਾਲੀਆਂ ਚੋਣਾਂ ‘ਚ ਇੰਡੀਆ ਗਠਜੋੜ ਭਾਜਪਾ ਨੂੰ ਹਰਾਏਗਾ। ਅਹਿਮ ਗੱਲ ਹੈ ਕਿ ਪੰਜਾਬ ਵਿੱਚ ਇੰਡੀਆ ਗੱਠਜੋੜ ਤਹਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੱਕਜੁੱਟ ਹੋਣ ਲਈ ਸੁਰ ਨਹੀਂ ਮਿਲ ਰਹੇ। ਚੰਡੀਗੜ੍ਹ ਵਿੱਚ ਗੱਠਜੋੜ ਤੋਂ ਬਾਅਦ ਚਰਚਾ ਛਿੜੀ ਹੈ ਕਿ ਇਹ ਫਾਰਮੂਲਾ ਪੰਜਾਬ ਵਿੱਚ ਵੀ ਲਾਗੂ ਹੋ ਸਕਦਾ ਹੈ।






ਦਰਅਸਲ ਚੰਡੀਗੜ੍ਹ ਦੇ ਮੇਅਰ ਚੋਣਾਂ ਨੇ ਸੋਮਵਾਰ ਨੂੰ ਉਸ ਵੇਲੇ ਦਿਲਚਸਪ ਮੋੜ ਲਿਆ ਜਦੋਂ 'ਆਪ' ਤੇ ਕਾਂਗਰਸ ਨੇ ਇਕੱਠੇ ਹੋ ਕੇ ਮੇਅਰ ਦੀ ਦੌੜ ਚ ਭਾਜਪਾ ਦਾ ਸਾਹਮਣਾ ਕਰਨ ਲਈ ਆਪਣੇ ਸਾਂਝੇ ਉਮੀਦਵਾਰ ਦਾ ਐਲਾਨ ਕੀਤਾ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਹ ਗਠਜੋੜ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੀਆਂ ਆਮ ਚੋਣਾਂ ਇਕੱਠੇ ਲੜਨ ਦਾ ਰਾਹ ਵੀ ਪੱਧਰਾ ਕਰੇਗਾ।


ਇਹ ਵੀ ਪੜ੍ਹੋ: Gurpurab Guru Gobind Singh Ji: ਮਹਾਨ ਯੋਧਾ, ਉੱਚ ਕੋਟੀ ਦੇ ਕਵੀ ਤੇ ਦਾਰਸ਼ਨਿਕ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ


'ਆਪ' ਨੇ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। 'ਆਪ' ਤੇ ਕਾਂਗਰਸ ਕੋਲ ਹੁਣ 20 ਕੌਂਸਲਰ ਹਨ (ਆਪ ਦੇ 13 ਕੌਂਸਲਰ ਤੇ ਕਾਂਗਰਸ ਦੇ 7 ਕੌਂਸਲਰ) ਤੇ ਸਪੱਸ਼ਟ ਤੌਰ 'ਤੇ ਤਿੰਨੋਂ ਅਹੁਦਿਆਂ ਲਈ ਦੋਵੇਂ ਪਾਰਟੀਆਂ ਜਿੱਤ ਦੀ ਸਥਿਤੀ ਵਿੱਚ ਹਨ।


 ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਤੇ ‘ਆਪ’ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਉਮੀਦਵਾਰ ਨੇਹਾ ਤੇ ਪੂਨਮ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਹੁਣ 'ਆਪ' ਉਮੀਦਵਾਰ ਕੁਲਦੀਪ ਕੁਮਾਰ ਟੀਟਾ ਮੇਅਰ ਅਹੁਦੇ ਲਈ ਭਾਜਪਾ ਉਮੀਦਵਾਰ ਨੂੰ ਚੁਣੌਤੀ ਦੇਣਗੇ ਤੇ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਗੱਬੀ ਤੇ ਡਿਪਟੀ ਮੇਅਰ ਲਈ ਕਾਂਗਰਸ ਦੀ ਨਿਰਮਲਾ ਦੇਵੀ ਚੋਣ ਲੜਨਗੇ।


ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਮਾਈਨਿੰਗ ਤੋਂ ਰਿਕਾਰਡ 472 ਕਰੋੜ ਰੁਪਏ ਕਮਾਈ ਕਰਨ ਦਾ ਦਾਅਵਾ, ਮਾਲੀਆ ਘਟਣ ਬਾਰੇ ਮੀਡੀਆ ਰਿਪੋਰਟਾਂ ਰੱਦ