ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦੇ ਇੱਕ ਦਿਨ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਵਜੋਤ ਸਿੱਧੂ ਨੇ ਜੰਮੂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਇਸ ਦੌਰਾਨ ਸਿੱਧੂ ਨਾਲ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਵਿਧਾਇਕ ਡਾ. ਰਾਜਕੁਮਾਰ ਛੱਬੇਵਾਲ ਵੀ ਸੀ।


ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਸੀ। ਹਾਲਾਂਕਿ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਜੰਮੂ 'ਚ ਸੀ। ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰ ਕਿਹਾ, 'ਨਵਰਾਤਰਿਆਂ ਦੌਰਾਨ, ਮਾਂ ਦੇ ਦਰਸ਼ਨ ਊਰਜਾ ਪੈਦਾ ਕਰਦੇ ਹਨ...ਰੂਹ ਦੀ ਸਾਰੀ ਮੈਲ ਧੋ ਦਿੰਦੇ ਹਨ! ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਵਿੱਚ ਆ ਕੇ ਧਨ ਹੋ ਗਿਆ।"




ਚੰਨੀ ਸੋਮਵਾਰ ਨੂੰ ਆਪਣੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਕਰ ਰਹੇ ਹਨ। ਵਿਆਹ 'ਚ ਤਾਂ ਸਿੱਧੂ ਨਜ਼ਰ ਨਹੀਂ ਆਏ ਹਾਲਾਂਕਿ ਹੁਣ ਇਹ ਸਪਸ਼ਟ ਨਹੀਂ ਕਿ ਸਿੱਧੂ ਇਸ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ, ਕਿਉਂਕਿ ਸੂਬੇ ਦੇ ਐਡਵੋਕੇਟ ਜਨਰਲ ਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਸੀਐਮ ਚੰਨੀ ਤੇ ਸਿੱਧੂ ਦੇ ਵਿੱਚ ਤਣਾਅ ਦੀਆਂ ਖਬਰਾਂ ਹਨ।


ਆਪਣੀ ਵੈਸ਼ਨੋ ਦੇਵੀ ਯਾਤਰਾ ਬਾਰੇ ਟਵੀਟ ਕਰਨ ਤੋਂ ਪਹਿਲਾਂ, ਸਿੱਧੂ ਨੇ ਇੱਕ ਟਵੀਟ ਰਾਹੀਂ ਆਪਣੀ ਸਰਕਾਰ ਨੂੰ ਸਲਾਹ ਦਿੱਤੀ। ਉਨ੍ਹਾਂ ਨੇ ਲਿਖਿਆ, "ਪੰਜਾਬ ਨੂੰ ਬਿਜਲੀ ਸੰਕਟ ਖ਼ਤਮ ਕਰਨ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ ਨਾ ਕਿ ਪਛਤਾਵੇ ਤੇ ਮੁਰੰਮਤ 'ਤੇ...ਪ੍ਰਾਈਵੇਟ ਥਰਮਲ ਪਲਾਂਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਨ੍ਹਾਂ ਪਲਾਂਟਾਂ ਵਿੱਚ 30 ਦਿਨਾਂ ਲਈ ਕੋਲਾ ਭੰਡਾਰ ਨਹੀਂ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਗਰਿੱਡ ਨਾਲ ਜੁੜੇ ਸੂਰਜੀ ਊਰਜਾ ਪਲਾਂਟਾਂ, ਛੱਤ 'ਤੇ ਲੱਗੇ ਸੋਲਰ ਪਲਾਂਟਾਂ 'ਤੇ ਹਮਲਾਵਰ ਢੰਗ ਨਾਲ ਕੰਮ ਕਰਨਾ ਹੈ।"




ਇਸ ਟਵੀਟ ਰਾਹੀਂ ਨਵਜੋਤ ਸਿੱਧੂ ਆਪਣੀ ਸਰਕਾਰ ਦਾ ਧਿਆਨ ਪੰਜਾਬ ਵਿੱਚ ਚੱਲ ਰਹੇ ਕੋਲੇ ਸੰਕਟ ਵੱਲ ਖਿੱਚ ਰਹੇ ਸੀ। ਹਾਲਾਂਕਿ, ਸਿੱਧੂ ਨੇ ਅਜੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਨਾ ਹੀ ਪਾਰਟੀ ਹਾਈਕਮਾਨ ਨੇ ਇਸ ਬਾਰੇ ਕੁਝ ਕਿਹਾ ਹੈ।


ਦੱਸ ਦਈਏ ਕਿ ਪੰਜਾਬ ਦੇ ਸੀਐਮ ਦੇ ਬੇਟੇ ਦੇ ਵਿਆਹ 'ਚ ਰਾਜਪਾਲ ਬਨਵਾਰੀਲਾਲ ਪੁਰੋਹਿਤ, ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ, ਮੰਤਰੀ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰ, ਪ੍ਰਗਟ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਮੀਤ ਸੋਢੀ, ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਾਮਲ ਹੋਏ। ਇਸ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਸ਼ਰਿਕ ਹੋਏ ਤੇ ਉਨ੍ਹਾਂ ਨੇ ਚੰਨੀ ਦੀ ਸਾਦੇ ਵਿਆਹ ਸਮਾਰੋਹ ਦੇ ਆਯੋਜਨ ਲਈ ਸ਼ਲਾਘਾ ਕੀਤੀ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904