ਚੰਡੀਗੜ੍ਹ : ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਵੱਡੇ ਪੱਧਰ ਉਤੇ ਚੋਣ ਪ੍ਰਚਾਰ ਕਰਨ ਦੀ ਯੋਜਨਾ ਉਲੀਕੀ ਹੈ। ਇਸ ਤਹਿਤ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਪੱਧਰ ’ਤੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।


ਮੁਹਿੰਮ ਤਹਿਤ 24 ਸਤੰਬਰ ਨੂੰ ਚੰਡੀਗੜ੍ਹ ਤੋਂ 13 ਲੋਕ ਸਭਾ ਹਲਕਿਆਂ ਲਈ 13 ਮਿਨੀ ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ। ਇਹਨਾਂ ਬੱਸਾਂ ਨਾਲ ਕਾਂਗਰਸ ਦੀ ਲੀਡਰਸ਼ਿੱਪ ਵੀ ਹੋਵੇਗੀ ਜੋ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਲੈ ਕੇ ਜਾਵੇਗੀ। ਮੁਹਿੰਮ ਦਾ ਮੁੱਖ ਨਿਸ਼ਾਨਾ ਅਕਾਲੀ-ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਹੋਣਗੀਆਂ। ਇਸ 37 ਦਿਨਾਂ ਮੁਹਿੰਮ ਵਿੱਚ ਕੁੱਲ 1404 ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ 13 ਮਿਨੀ ਬੱਸਾਂ ਨੂੰ ਸਜਾਇਆ ਗਿਆ ਹੈ।

ਇਸ 37 ਰੋਜ਼ਾ ਮੁਹਿੰਮ ਰਾਹੀ ਸੂਬੇ ਦੇ ਡੇਢ ਕਰੋੜ ਲੋਕਾਂ ਤਕ ਪਹੁੰਚ ਕੀਤੀ ਜਾਵੇਗੀ। ਮਿੰਨੀ ਬੱਸਾਂ ਨੂੰ ‘ਪੰਜਾਬ ਕਾਂਗਰਸ ਐਕਸਪ੍ਰੈੱਸ’ ਦਾ ਨਾਂ ਦਿਤਾ ਗਿਆ ਹੈ। ਇਨ੍ਹਾਂ ਬੱਸਾਂ ਵਿੱਚ ਜੀਪੀਐਸ ਸਿਸਟਮ ਵੀ ਲਾਇਆ ਗਿਆ ਹੈ, ਜਿਸ ਰਾਹੀ ਮਿਨੀ ਬੱਸਾਂ ਦਾ ਪਤਾ ਲੱਗਦਾ ਰਹੇਗਾ ਕਿ ਬੱਸਾਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਘੁੰਮ ਰਹੀਆਂ ਹਨ। ਇਹ ਮੁਹਿੰਮ ਲਗਪਗ 15 ਨਵੰਬਰ ਦੇ ਆਸਪਾਸ ਖਤਮ ਹੋਵੇਗੀ। ਇਸ ਦੇ ਖਤਮ ਹੁੰਦਿਆਂ ਹੀ ਇੱਕ ਹੋਰ ਮੁਹਿੰਮ ਵਿੱਢੀ ਜਾਵੇਗੀ। ਇਸ ਮੁਹਿੰਮ ਦੇ ਨਾਲ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਵੀ ਜਾਰੀ ਰਹੇਗਾ।