ਚੰਡੀਗੜ੍ਹ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਨੇ ਚੋਣਾਂ ਲਈ ਆਪਣੇ 4 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਹਲਕਾ ਦਾਖਾ ਤੋਂ ਸੰਦੀਪ ਸੰਧੂ, ਜਲਾਲਾਬਾਦ ਤੋਂ ਰਾਮ ਆਂਵਲਾ, ਮੁਕੇਰੀਆਂ ਤੋਂ ਇੰਦੂ ਬਾਲਾ ਤੇ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਉਮੀਦਵਾਰ ਐਲਾਨਿਆ ਗਿਆ ਹੈ।
ਆਈਏਐਸ ਅਫ਼ਸਰ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਧਾਲੀਵਾਲ ਜਲੰਧਰ ਲੈਂਡ ਰਿਕਾਰਡ ਦਫਤਰ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਸਨ। ਧਾਲੀਵਾਲ ਕਈ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ। ਬੀਐਸ ਧਾਲੀਵਾਲ ਫਗਵਾੜਾ ਦੇ ਹੀ ਰਹਿਣ ਵਾਲੇ ਹਨ। ਉਹ ਫਗਵਾੜਾ 'ਚ ਵੀ ਤਾਇਨਾਤ ਰਹੇ ਹਨ।
ਦੱਸ ਦੇਈਏ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। 23 ਸਤੰਬਰ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 24 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਏਗਾ। ਚੋਣਾਂ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੀਆਂ ਸੀਟਾਂ ਤੋਂ ਚੋਣ ਲੜਨਗੇ ਤੇ ਜਿੱਤ ਵੀ ਉਨ੍ਹਾਂ ਦੀ ਹੀ ਹੋਏਗੀ।