ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸ ਲਈ ਪੰਜਾਬ ਵਿੱਚ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਸਿੱਧੂ ਦੇ ਹਮਲਿਆਂ ਤੇ ਹਾਈਕਮਾਨ ਦੇ ਰੁਖ ਤੋਂ ਕੈਪਟਨ ਵੀ ਖਫਾ ਹੋ ਗਏ ਹਨ। 'ਏਬੀਪੀ ਨਿਊਜ਼' ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬਹੁਤ ਨਾਰਾਜ਼ ਹਨ ਕਿ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਬੁਲਾ ਕੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਹਿ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਪਾਰਟੀ ਅਨੁਸ਼ਾਸਨ ਦੇ ਘੇਰੇ ਵਿੱਚ ਰਹਿੰਦੇ ਹੋਏ ਅਜਿਹਾ ਕਰ ਰਹੇ ਹਨ, ਪਰ ਸੂਤਰਾਂ ਮੁਤਾਬਕ ਹਾਲਾਤ ਹੋਰ ਵਿਗੜ ਸਕਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੂਬਾ ਕਾਂਗਰਸ ਇਕਾਈ ਦਾ ਪ੍ਰਧਾਨ ਬਣਾਇਆ ਜਾਵੇ ਪਰ ਕੈਪਟਨ ਇਹ ਕਿਸੇ ਵੀ ਕੀਮਤ 'ਤੇ ਨਹੀਂ ਚਾਹੁੰਦੇ। ਸੂਤਰਾਂ ਮੁਤਾਬਕ, ਕਮੇਟੀ ਵੱਲੋਂ ਵਾਰ-ਵਾਰ ਪੇਸ਼ ਹੋਣ ਲਈ ਦਿੱਲੀ ਬੁਲਾਏ ਜਾਣ ਤੋਂ ਵੀ ਕੈਪਟਨ ਬਹੁਤ ਨਾਰਾਜ਼ ਹਨ। ਜੇਕਰ ਜਲਦ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ ਕੈਪਟਨ ਅਮਰਿੰਦਰ ਨੂੰ ਵਾਰ-ਵਾਰ ਦਿੱਲੀ ਬੁਲਾ ਕੇ ਅਪਮਾਨਤ ਕੀਤਾ ਗਿਆ ਤਾਂ ਨਵੇਂ ਰਾਜਨੀਤਕ ਸਮੀਕਰਣ ਵੀ ਹੋ ਸਕਦੇ ਹਨ। ਯਾਨੀ ਖ਼ਬਰਾਂ ਹਨ ਕਿ ਕੈਪਟਨ ਨਵੀਂ ਪਾਰਟੀ ਵੀ ਬਣਾ ਸਕਦੇ ਹਨ।
ਇਸ ਦੌਰਾਨ ਸੂਤਰਾਂ ਮੁਤਾਬਕ ਨਵਜੋਤ ਸਿੱਧੂ ਦੇ ਮੀਡੀਆ ਨੂੰ ਦਿੱਤੇ ਬਿਆਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਦੁਖੀ ਹਨ ਤੇ ਕਮੇਟੀ ਸਾਹਮਣੇ ਇਸ ‘ਤੇ ਸਖ਼ਤ ਇਤਰਾਜ਼ ਦਰਜ ਕਰ ਸਕਦੇ ਹਨ। ਹੁਣ ਕਾਂਗਰਸ ਲੀਡਰਸ਼ਿਪ ਸਾਹਮਣੇ ਚੁਣੌਤੀ ਹੋਰ ਵੀ ਵੱਡੀ ਹੋ ਗਈ ਹੈ।
ਸਿੱਧੂ ‘ਤੇ ‘ਆਪ’ ਦੀਆਂ ਨਜ਼ਰਾਂ
ਰਾਹੁਲ ਗਾਂਧੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਕੈਪਟਨ ਤੇ ਸਿੱਧੂ ਦੋਵਾਂ ਨੂੰ ਨਾਲ ਲੈ ਕੇ ਪੰਜਾਬ ਚੋਣਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ, ਪਰ ਦੋਵੇਂ ਇਸ ਵਾਰ ਆਪਣਾ ਪੱਖ ਨਰਮ ਕਰਨ ਦੇ ਮੂਡ ਵਿੱਚ ਨਹੀਂ ਹਨ। ਇੱਕ ਪਾਸੇ ਆਮ ਆਦਮੀ ਪਾਰਟੀ ਨਵਜੋਤ ਸਿੱਧੂ 'ਤੇ ਨਜ਼ਰਾਂ ਰੱਖ ਰਹੀ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੂਤਰ ਕਹਿ ਰਹੇ ਹਨ ਕਿ ਇਸ ਵਾਰ ਕੈਪਟਨ ਇੱਕ ਵੱਖਰਾ ਰਸਤਾ ਅਪਣਾ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! H-1B ਵੀਜ਼ੇ ਦੀ ਗਿਣਤੀ ਦੁੱਗਣੀ ਤੇ ਗ੍ਰੀਨ ਕਾਰਡ 'ਤੇ ਹਰ ਦੇਸ਼ ਦਾ ਕੋਟਾ ਖਤਮ ਕਰਨ ਦੀ ਉੱਠੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin