Amritsar news: ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਅਧੀਨ ਆਉਣ ਵਾਲੇ ਜੰਡਿਆਲਾ ਥਾਣੇ ਦੀ ਪੁਲਿਸ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਬਾਬਾ ਬਕਾਲਾ ਖੇਤਰ ਦੇ ਇੱਕ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਆਜ਼ਾਦ ਸਿੰਘ ਵਜੋਂ ਹੋਈ ਹੈ, ਜੋ ਕਿ ਖਲਚੀਆਂ ਪੁਲਿਸ ਸਟੇਸ਼ਨ ਦੇ ਬੁਟਾਰੀ ਪਿੰਡ ਦਾ ਰਹਿਣ ਵਾਲਾ ਹੈ। ਆਜ਼ਾਦ ਸਿੰਘ ਪੰਜਾਬ ਯੂਥ ਕਾਂਗਰਸ ਦੇ ਬਾਬਾ ਬਕਾਲਾ ਹਲਕੇ ਨਾਲ ਸਬੰਧਤ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨਾਲ ਨੇੜਲੇ ਸਬੰਧ ਹਨ।

Continues below advertisement

ਦੱਸ ਦਈਏ ਕਿ ਜੰਡਿਆਲਾ ਗੁਰੂ ਦੇ ਵਸਨੀਕ ਦੀਪਕ ਜੁਲਕਾ ਦੇ ਬਿਆਨ ਦੇ ਆਧਾਰ 'ਤੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੀਪਕ ਜੁਲਕਾ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ 14 ਜਨਵਰੀ ਨੂੰ ਉਸਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਲਗਾਤਾਰ ਕਾਲ ਅਤੇ ਸੁਨੇਹੇ ਆਉਣੇ ਸ਼ੁਰੂ ਹੋ ਗਏ।

Continues below advertisement

ਉਨ੍ਹਾਂ ਨੇ ਕਿਹਾ ਕਿ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਕਾਲਰਾਂ ਨੇ ਆਪਣੀ ਪਛਾਣ ਸੱਤਾ ਨੌਸ਼ਹਿਰਾ, ਕੇਸ਼ਵ ਸ਼ਿਵਾਲਾ ਅਤੇ ਕਰਨ ਬਾਠ ਵਜੋਂ ਦੱਸੀ। ਮੁਲਜ਼ਮਾਂ ਨੇ ਉਸਨੂੰ ਫ਼ੋਨ 'ਤੇ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।

ਸ਼ਿਕਾਇਤ ਮਿਲਦਿਆਂ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਰਾਹੀਂ ਉਨ੍ਹਾਂ ਨੇ ਦੋਸ਼ੀ ਆਜ਼ਾਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ।

ਇਸ ਸਬੰਧੀ ਐਸਐਸਪੀ ਸੁਹੈਰ ਮੀਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਸ ਦੀ ਅੰਦਰ-ਅੰਦਰ ਹੀ ਉਨ੍ਹਾਂ ਨਾਲ ਗੱਲਬਾਤ ਵੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗੈਂਗਸਟਰਾਂ ਨੂੰ ਚੋਣਾਂ ਵਿੱਚ ਉਸਦੀ ਮਦਦ ਕਰਨ ਲਈ ਕਹਿੰਦਾ ਸੀ ਤਾਂ ਜੋ ਉਹ ਸੀਟ ਜਿੱਤ ਸਕੇ।

ਪੁਲਿਸ ਅਧਿਕਾਰੀ ਨੇ ਅੱਗੇ ਕਿਹਾ ਕਿ ਆਜ਼ਾਦ ਸਿੰਘ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਮੁਲਜ਼ਮ ਦੇ ਵਿਦੇਸ਼ੀ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ।