Threat to Sukhpal Khaira in Jail: ਜੇਲ੍ਹ ਵਿੱਚ ਬੰਦ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਇਹ ਧਮਕੀ ਗੈਂਗਸਟਰ ਅਰਸ਼ਦੀਪ ਲੰਡਾ ਦੁਆਰਾ ਦਿੱਤੀ ਗਈ ਹੈ।  ਜਿਸ ਦਾ ਖੁਲਾਸਾ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ। ਬਾਜਵਾ ਨੇ ਕਿਹਾ ਕਿ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਦੀ ਜਾਣਕਾਰੀ ਮਿਲੀ ਹੋਈ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਅਰਸ਼ਦੀਪ ਲੰਡਾ ਨੇ ਧਮਕੀਆਂ ਦਿੱਤੀਆਂ ਹਨ। ਪਰ ਫਿਰ ਵੀ ਪੰਜਾਬ ਪੁਲਿਸ ਨੇ ਉਹਨਾ ਦੀ ਸੁਰੱਖਿਆ ਸਬੰਧੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ।



ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਕਿ - ਅਸੀਂ DGP ਪੰਜਾਬ ਨੂੰ ਇਹ ਸਪੱਸ਼ਟ ਕਰਨ ਦੀ ਬੇਨਤੀ ਕਰਦੇ ਹਾਂ ਕਿ ਸ. ਸੁਖਪਾਲ ਸਿੰਘ ਖਹਿਰਾ MLA ਭੁਲੱਥ ਨੂੰ ਗੈਂਗਸਟਰ ਅਰਸ਼ਦੀਪ ਲੰਡਾ ਦੁਆਰਾ ਦਿੱਤੀ ਗਈ ਗੰਭੀਰ ਧਮਕੀ ਨੂੰ ਲੈ ਕੇ ਪੁਲਿਸ ਕਿਉਂ ਚੁੱਪ ਬੈਠੀ ਹੈ, ਜਿਸ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਅੱਤਵਾਦੀ ਐਲਾਨਿਆ ਗਿਆ ਹੈ। 


ਸਾਨੂੰ ਪਤਾ ਲੱਗਾ ਹੈ ਕਿ ADGP ਇੰਟੈਲੀਜੈਂਸ ਪਿਛਲੇ ਇੱਕ ਮਹੀਨੇ ਤੋਂ ਉਪਰੋਕਤ ਖਤਰੇ ਤੋਂ ਜਾਣੂ ਸਨ ਪਰ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਇਕ ਅਤੇ ਉਸਦੇ ਪਰਿਵਾਰ ਦੀ ਜਾਨ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ। ਜੇਕਰ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਮੁੱਖ ਮੰਤਰੀ ਅਤੇ DGP ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਵਾਂਗੇ


 



 


ਸੁਖਪਾਲ ਸਿੰਘ ਖਹਿਰਾ 28 ਸਤੰਬਰ 2023 ਤੋਂ ਜੇਲ੍ਹ ਵਿੱਚ ਬੰਦ ਹਨ। ਫਾਜ਼ਿਲਕਾ ਪੁਲਿਸ ਨੇ ਖਹਿਰਾ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ NDPS ਦੇ ਇੱਕ 9 ਸਾਲ ਪੁਰਾਣੇ ਮਾਮਲੇ ਵਿੱਚ ਕੀਤੀ ਗਈ ਸੀ। ਹਲਾਂਕਿ ਸੁਖਪਾਲ ਸਿੰਘ ਖਰਿਹਾ ਨੂੰ ਇਸ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਸੁਖਪਾਲ ਖਹਿਰਾ ਜੇਲ੍ਹ ਤੋਂ ਬਾਹਰ ਆਉਂਦ ਇੰਨੇ ਵਿੱਚ ਕਪੂਰਥਲਾ ਪੁਲਿਸ ਨੇ 4 ਜਨਵਰੀ ਨੂੰ ਸਵੇਰੇ ਤੜਕੇ 2 ਵਜੇ ਦੀ ਕਰੀਬ ਇੱਕ ਹੋਰ ਮਾਮਲਾ ਦਰਜ ਕਰ ਲਿਆ ਸੀ। 


ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਨਾਭਾ ਜੇਲ੍ਹ ਤੋਂ ਸੁਖਪਾਲ ਖਰਿਹਾ ਦੀ ਗ੍ਰਿਫ਼ਤਾਰ ਪਾ ਕੇ ਆਪਣੀ ਹਿਰਾਸਤ 'ਚ ਲੈ ਲਿਆ ਸੀ। ਹੁਣ ਖਹਿਰਾ ਨੂੰ ਕਪੂਰਥਲ ਦੀ ਅਦਾਲਤ ਨੇ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਹੋਇਆ ਹੈ।