ਚੰਡੀਗੜ੍ਹ: ਪੰਜਾਬ ਕਾਂਗਰਸ (Punjab congress) ਦਾ ਕਲੇਸ਼ ਵਧਦਾ ਜਾ ਰਿਹਾ ਹੈ। ਵਿਧਾਇਕ ਖੁੱਲ੍ਹੀ ਬਗਾਵਤ 'ਤੇ ਉੱਤਰ ਆਏ ਹਨ। ਇਸ ਵਾਰ ਬਾਗੀ ਸੁਰਾਂ ਮਾਝੇ ਵਿੱਚ ਜ਼ਿਆਦਾ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵਿੱਚ ਵੱਡਾ ਧਮਾਕਾ ਹੋ ਸਕਦਾ ਹੈ। ਸਾਬਕਾ ਮੰਤਰੀ ਨਵਜੋਤ ਸਿੱਧੂ (Navjot Sigh Sidhu) ਮਗਰੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਵੀ ਬਾਗੀ ਤੇਵਰ ਨਜ਼ਰ ਆਉਣ ਲੱਗੇ ਹਨ। ਬੁੱਧਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਿੱਧੂ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਵੀ ਗੈਰ ਹਾਜ਼ਰ ਰਹੇ। ਇਸ ਤੋਂ ਪਹਿਲਾਂ ਵੀ ਕੈਬਨਿਟ ਮੀਟਿੰਗ ਵਿੱਚ ਵੀ ਰੰਧਾਵਾ ਨੇ ਅਸਤੀਫਾ ਸੌਂਪ ਦਿੱਤਾ ਸੀ ਜਿਸ ਨੂੰ ਕੈਪਟਨ ਨੇ ਪਾੜ ਦਿੱਤਾ ਸੀ।


ਅਹਿਮ ਗੱਲ ਹੈ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਬੁੱਧਵਾਰ ਨੂੰ ਚੰਡੀਗੜ੍ਹ ’ਚ ਹੀ ਮੌਜੂਦ ਸੀ। ਇਸ ਦੇ ਬਾਵਜੂਦ ਉਹ ਕੈਬਨਿਟ ਮੀਟਿੰਗ (Punjab Cabinet Meeting) ’ਚੋਂ ਗ਼ੈਰ-ਹਾਜ਼ਰ ਰਹੇ। ਸੂਤਰਾਂ ਮੁਤਾਬਕ ਸੋਮਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਵੀ ਸਹਿਕਾਰਤਾ ਮੰਤਰੀ ਨੇ ਕੈਬਨਿਟ ਮੀਟਿੰਗ ਵਿੱਚ ਬੇਅਦਬੀ ਕਾਂਡ ਬਾਰੇ ਖਰੀਆਂ-ਖਰੀਆਂ ਸੁਣਾਈਆਂ ਸੀ। ਉਨ੍ਹਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ (Sunil Jakhar) ਦੇ ਨਾਲ ਆਪਣਾ ਅਸਤੀਫਾ ਵੀ ਪੇਸ਼ ਕੀਤਾ ਸੀ ਜਿਸ ਨੂੰ ਮੁੱਖ ਮੰਤਰੀ ਨੇ ਨਾਮਨਜ਼ੂਰ ਕਰ ਦਿੱਤਾ ਸੀ।


ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਵਿਧਾਇਕਾਂ ਦੀ ਨਬਜ਼ ਟੋਹ ਰਹੇ ਹਨ। ਬੁੱਧਵਾਰ ਨੂੰ ਕੈਪਟਨ ਅਮਰਿੰਦਰ ਨੇ ਮਾਝਾ ਤੇ ਦੁਆਬਾ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕਿਹਾ ਕਿ ਲੋਕ ਆਵਾਜ਼ ਇਹੋ ਉੱਠ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਸ ਮਾਮਲੇ ’ਤੇ ‘ਦੋਸਤਾਨਾ ਮੈਚ’ ਖੇਡ ਰਹੇ ਹਨ। ਵਿਧਾਇਕਾਂ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਦੋਸ਼ੀਆਂ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਲੋਕਾਂ ਵਿੱਚ ਜਾਣਾ ਔਖਾ ਹੋ ਜਾਏਗਾ।


ਸਿੱਧੂ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਉਨ੍ਹਾਂ ਕੈਪਟਨ ਨੂੰ ਗ਼ੈਰ-ਕਾਨੂੰਨੀ ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਕਿਹਾ ਕਿ ਅਮਰਿੰਦਰ ਸਿੰਘ 2017 ਵਾਲਾ ਕੈਪਟਨ ਨਹੀਂ ਰਿਹਾ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਤੇ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਸੰਜਮ ਵਿੱਚ ਰਹਿਣ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਲੜਾਈ ਨਾਲ ਲੋਕਾਂ ’ਚ ਗਲਤ ਸੁਨੇਹਾ ਜਾਵੇਗਾ।


ਅਹਿਮ ਗੱਲ ਹੈ ਕਿ ਇਸ ਵਾਰ ਨਿਸ਼ਾਨੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਹੁਣ ਤੱਕ ਵਿਰੋਧੀ ਪਾਰਟੀਆਂ ਕੈਪਟਨ ਉੱਪਰ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਉਂਦੀਆਂ ਸੀ ਪਰ ਪਹਿਲੀ ਵਾਰ ਕਾਂਗਰਸੀ ਵਿਧਾਇਕ ਵੀ ਮੁੱਖ ਮੰਤਰੀ ਨਾਲ ਮੀਟਿੰਗਾਂ ਵਿੱਚ ਇਹ ਬੋਲਣ ਲੱਗੇ ਹਨ।


ਦਰਅਸਲ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਦੇ ਮਾਮਲੇ ਨੂੰ ਹੋਰ ਹਵਾ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਪਟਿਆਲਾ ਤੋਂ ਚੋਣ ਨਹੀਂ ਹਾਰੇ ਸੀ ਸਗੋਂ ਉਨ੍ਹਾਂ ਨੂੰ ਅਕਾਲੀਆਂ ਨੇ ਕਾਂਗਰਸ ਨਾਲ ਮਿਲ ਕੇ ਹਰਾਇਆ ਸੀ। ਜਨਰਲ ਜੇਜੇ ਸਿੰਘ ਨੇ ਕਿਹਾ,‘‘ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਕੈਪਟਨ ਤੇ ਬਾਦਲ ਘਿਓ-ਖਿਚੜੀ ਹਨ। 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜ਼ਿਸ਼ ਤਹਿਤ ਕੈਪਟਨ ਦੀ ਮਦਦ ਕੀਤੀ ਸੀ, ਜਿਸ ਦਾ ਕਰਜ਼ ਉਨ੍ਹਾਂ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਕਾਰਵਾਈ ਨਾ ਕਰਕੇ ਚੁੱਕਾ ਦਿੱਤਾ ਹੈ।’’


ਇਹ ਵੀ ਪੜ੍ਹੋ: ਮਹਿੰਦਰਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਗੱਡੀਆਂ ਸੜ੍ਹ ਕੇ ਸੁਆਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904