ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਸੰਗਠਨ ਦਾ ਨਵਾਂ ਢਾਂਚਾ ਬਣਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਦੇਖਦਿਆਂ ਨਵੇਂ ਅਹੁਦਿਆਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦਾ ਢਾਂਚਾ ਪਿਛਲੇ ਪੰਜ ਮਹੀਨਿਆਂ ਤੋਂ ਭੰਗ ਹੈ। ਅਜਿਹੇ 'ਚ ਹੁਣ ਨਵਾਂ ਢਾਂਚਾ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹਨ।


ਪਾਰਟੀ ਦੇ ਨਵੇਂ ਢਾਂਚੇ ਲਈ ਹਫ਼ਤੇ ਦੇ ਆਖਰੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਵਿਚਾਲੇ ਬੈਠਕ ਹੋਵੇਗੀ। ਨਵੇਂ ਢਾਂਚੇ 'ਚ ਸਰਬਸੰਮਤੀ ਦੀ ਥਾਂ ਤਜ਼ਰਬੇ ਨੂੰ ਤਰਜੀਹ ਦਿੱਤੀ ਜਾਵੇਗੀ।


ਕਾਂਗਰਸ ਦਾ ਮਕਸਦ ਹੁਣ 2022 'ਚ ਆਪਣੀ ਜਿੱਤ ਮੁੜ ਤੋਂ ਸਥਾਪਿਤ ਕਰਨਾ ਹੈ। ਇਸ ਲਈ ਪਾਰਟੀ ਹੁਣੇ ਤੋਂ ਹੀ ਤਿਆਰੀਆਂ 'ਚ ਜੁਟ ਜਾਣਾ ਚਾਹੁੰਦੀ ਹੈ। ਇਸ ਵਾਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਂਵਾਂ 'ਤੇ ਮੋਹਰ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੰਗਠਨਾਤਮਕ ਢਾਂਚੇ 'ਚ ਵੀ ਕਈ ਬਦਲਾਅ ਹੋ ਸਕਦੇ ਹਨ।


ਸੋਨੀਆ ਗਾਂਧੀ ਨੇ 21 ਜਨਵਰੀ ਨੂੰ ਪੰਜਾਬ ਕਾਂਗਰਸ ਦੀ ਕਾਰਜਕਰਨੀ ਭੰਗ ਕਰ ਦਿੱਤੀ ਸੀ ਪਰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਕੋਲ ਹੀ ਸੀ। ਪਾਰਟੀ ਹਾਈਕਮਾਨ ਦਾ ਦਬਾਅ ਸੀ ਕਿ ਜਲਦ ਨਵੇਂ ਢਾਂਚੇ ਦਾ ਗਠਨ ਕੀਤਾ ਜਾਵੇ ਪਰ ਕੋਰੋਨਾ ਸੰਕਟ ਦੌਰਾਨ ਅਜਿਹਾ ਨਹੀਂ ਹੋ ਸਕਿਆ। ਹੁਣ ਇਹ ਕੰਮ ਛੇਤੀ ਹੀ ਸਿਰੇ ਲੱਗਣ ਵਾਲਾ ਹੈ।


ਕਾਂਗਰਸ ਲੰਮੇ ਸਮੇਂ ਤੋਂ ਪਾਰਟੀ ਦੇ ਢਾਂਚੇ ਦਾ ਪੁਨਰਗਠਨ ਕਰਨ ਜਾ ਰਹੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਕਿ ਤਿਆਰੀ ਪੂਰੀ ਕਰ ਲਈ ਗਈ ਹੈ। ਇਸ ਹਫਤੇ ਦੇ ਆਖਰੀ 'ਚ ਹੋਣ ਵਾਲੀ ਬੈਠਕ 'ਚ ਨਾਵਾਂ 'ਤੇ ਮੋਹਰ ਲੱਗ ਜਾਵੇਗੀ।